
ਦੂਸਰੇ ਪਾਸੇ ਕੋਰੋਨਾ ਦੀ ਆਫ਼ਤ ਤੋਂ ਰਾਹਤ, 26 ਲੋਕਾਂ ਨੂੰ ਮਿਲੀ ਛੁੱਟੀ
ਅੰਮ੍ਰਿਤਸਰ, 12 ਮਈ (ਅਰਵਿੰਦਰ ਵੜੈਚ) : ਅੰਮ੍ਰਿਤਸਰ ਵਿਚ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਗਈ ਹੈ। ਮ੍ਰਿਤਕ ਮੂਥਨ ਸਵਾਮੀ (39 ਸਾਲ) ਪੁੱਤਰ ਕੁੰਦਨ ਗਲੀ ਨੰਬਰ 3 ਰਾਮਾਨੰਦ ਬਾਗ ਦਾ ਰਹਿਣ ਵਾਲਾ ਸੀ। ਇਸ ਦੀ ਹਾਲਤ ਠੀਕ ਨਾ ਹੋਣ ਕਾਰਨ ਇਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ ਜਿਸ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ।
ਦੂਸਰੇ ਪਾਸੇ ਗੁਰੂ ਨਗਰੀ ਵਿਚ ਪ੍ਰਸ਼ਾਸਨ ਅਤੇ ਲੋਕਾਂ ਨੇ ਕੋਰੋਨਾ ਦੀ ਆਫ਼ਤ ਤੋਂ ਕੁੱਝ ਰਾਹਤ ਵੀ ਮਹਿਸੂਸ ਕੀਤੀ। ਅੰਮ੍ਰਿਤਸਰ ਵਿਚ 26 ਲੋਕਾਂ ਦੀ ਰੀਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿਤਾ ਗਿਆ। ਇਸ ਤੋਂ ਪਹਿਲਾਂ ਵੀ 9 ਲੋਕਾਂ ਦੀ ਰੀਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜਿਆ ਜਾ ਚੁੱਕਾ ਹੈ ਜਦਕਿ 4 ਲੋਕ ਨਾਮੁਰਾਦ ਕੋਰੋਨਾ ਦੀ ਬੀਮਾਰੀ ਦੇ ਚਲਦਿਆਂ ਮੌਤ ਦਾ ਸ਼ਿਕਾਰ ਵੀ ਹੋਏ ਹਨ। ਅੰਮ੍ਰਿਤਸਰ ਵਿਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 257 ਹੈ ਜਿਨ੍ਹਾਂ ਦਾ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾ ਵਿਚ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਪਿਛਲੇ ਦਿਨੀ ਪਾਜ਼ੇਟਿਵ ਪਾਏ ਗਏ ਕੈਦੀ ਦੇ ਹਸਪਤਾਲ ਵਿਚੋਂ ਫ਼ਰਾਰ ਹੋ ਜਾਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ। ਪਿਛਲੇ ਦਿਨੀ ਥਾਣਾ ਚਾਟੀਵਿੰਡ ਗੇਟ ਦੀ ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤੇ ਗਏ ਕੈਦੀ ਇਸ ਕੈਦੀ ਦੀ ਲਪੇਟ ਆਉਣ ਵਾਲੇ 2 ਜੱਜਾਂ ਸਮੇਤ ਕਰੀਬ 20 ਲੋਕਾਂ ਨੂੰ ਕੁਆਰੰਟੀਨ ਵੀ ਕੀਤਾ ਗਿਆ ਸੀ। ਮਜੀਠਾ ਰੋਡ ਥਾਣਾ ਦੇ ਇੰਚਾਰਜ ਜਸਪਾਲ ਸਿੰਘ ਦੇ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਕੈਦੀਆਂ ਦੀ ਵਾਰਡ ਵਿਚੋਂ ਕੈਦੀ ਪ੍ਰਤਾਪ ਸਿੰਘ ਬਾਥਰੂਮ ਦਾ ਬਹਾਨਾ ਲਗਾ ਕੇ ਖਿੜਕੀ ਦੇ ਰਸਤੇ ਫਰਾਰ ਹੋ ਗਿਆ, ਜਿਸ ਕਾਰਨ ਕੈਦੀ ਤੋਂ ਇਲਾਵਾ ਡਿਊਟੀ ਤੇ ਤੈਨਾਤ ਗਾਰਦ ਦੇ ਪੰਜ ਪੁਲਿਸ ਕਰਮਚਾਰੀਆਂ 'ਤੇ ਵੀ ਡਿਊਟੀ ਦੇ ਦੌਰਾਨ ਲਾਪਰਵਾਹੀ ਵਰਤਣ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਲੁਧਿਆਣਾ 'ਚ 17 ਹੋਰ ਮਾਮਲੇ ਆਏ
ਲੁਧਿਆਣਾ, 12 ਮਈ (ਪਪ) : ਸੋਮਵਾਰ ਦੇਰ ਰਾਤ ਆਈ ਰੀਪੋਰਟ ਮੁਤਾਬਕ 17 ਮਾਮਲੇ ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚੋਂ 14 ਜੀਆਰਪੀਐਫ਼ ਦੇ ਹਨ ਜਦਕਿ ਦੋ ਮਜਨੂੰ ਦੀ ਟਿੱਲਾ ਤੋਂ ਆਏ ਸ਼ਰਧਾਲੂ ਹਨ। ਇਕ ਹੋਰ ਮਰੀਜ਼ ਜਲੰਧਰ ਦਾ ਹੈ। ਕੁੱਲ 109 ਸੈਂਪਲਾਂ ਦੀ ਰੀਪੋਰਟ ਆਈ ਸੀ। ਜ਼ਿਲ੍ਹਾ ਮੰਡੀ ਅਫ਼ਸਰ ਦੇ ਜਵਾਈ ਦੀ ਰੀਪੋਰਟ ਨੈਗੇਟਿਵ ਆਈ ਹੈ।