
ਅੱਜ ਮੋਹਾਲੀ ਰੇਲਵੇ ਸਟੇਸਨ ਤੋਂ ਛੇਵੀਂ ਵਿਸ਼ੇਸ਼ ਰੇਲ ਗੱਡੀ ਬਿਹਾਰ ਦੇ ਛਾਪਰਾ ਲਈ ਰਵਾਨਾ ਹੋਈ
ਐਸ.ਏ.ਐਸ ਨਗਰ, 12 ਮਈ (ਸੁਖਦੀਪ ਸਿੰਘ ਸੋਈਂ): ਅੱਜ ਮੋਹਾਲੀ ਰੇਲਵੇ ਸਟੇਸਨ ਤੋਂ ਛੇਵੀਂ ਵਿਸ਼ੇਸ਼ ਰੇਲ ਗੱਡੀ ਬਿਹਾਰ ਦੇ ਛਾਪਰਾ ਲਈ ਰਵਾਨਾ ਹੋਈ ਜੋ 1201 ਪ੍ਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਵਿਚ ਲੈ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਘੀ ਵਿਦਾਇਗੀ ਵਿਚ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਚੌਕਲੇਟ ਵੀ ਵੰਡੇ ਗਏ। ਪ੍ਰਵਾਸੀਆਂ ਨੂੰ 8 ਸੰਗ੍ਰਹਿ ਕੇਂਦਰਾਂ ਤੋਂ ਰੇਲਵੇ ਸਟੇਸ਼ਨ 'ਤੇ ਲਿਜਾਇਆ ਗਿਆ ਜਿਥੇ ਪਹਿਲਾਂ ਉਨ੍ਹਾਂ ਦੀ ਚੰਗੀ ਤਰਾਂ ਸਕਰੀਨਿੰਗ ਕੀਤੀ ਗਈ ਅਤੇ ਫਿਰ ਘਰ ਵਾਪਸੀ ਲਈ ਬੱਸਾਂ ਰਾਹੀਂ ਰੇਲਵੇ ਸਟੇਸ਼ਨ ਪਹੁੰਚਾਇਆ ਗਿਆ।
File photo
ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਵਾਸੀਆਂ ਨੂੰ ਪੈਕਡ ਫ਼ੂਡ ਪੈਕੇਟ, ਪਾਣੀ ਤੋਂ ਇਲਾਵਾ ਬਿਸਕੁਟ ਮੁਹਈਆ ਕਰਵਾਏ ਜਿਨ੍ਹਾਂ ਨੇ ਉਚੀ-ਉਚੀ ਖ਼ੁਸ਼ੀ ਜ਼ਾਹਰ ਕਰ ਕੇ ਅਤੇ ਤਾੜੀਆਂ ਨਾਲ ਅਪਣੇ ਗ੍ਰਹਿ ਰਾਜ ਦੀ ਸੁਰੱਖਿਅਤ ਯਾਤਰਾ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਤਹਿ ਦਿਲੋਂ ਧਨਵਾਦ ਕੀਤਾ। ਇਸੇ ਦੌਰਾਨ ਅੱਜ ਕੁਲ ਸੱਤ ਬੱਸਾਂ 160 ਵਿਦਿਆਰਥੀਆਂ ਨੂੰ ਲੈ ਕੇ ਰਵਾਨਾ ਹੋਈਆਂ। ਇਕ ਬੱਸ ਲੱਦਾਖ ਲਈ ਰਵਾਨਾ ਹੋਈ ਜਦਕਿ ਛੇ ਬੱਸਾਂ ਜੰਮੂ ਲਈ ਰਵਾਨਾ ਹੋਈਆਂ। ਅੰਮ੍ਰਿਤਸਰ, (ਅਰਵਿੰਦਰ ਵੜੈਚ): ਅੱਜ ਦੁਪਹਿਰ ਅੰਮ੍ਰਿਤਸਰ ਤੋਂ ਪੰਜਵੀਂ ਰੇਲ ਗੱਡੀ ਪ੍ਰਵਾਸੀਆਂ ਨੂੰ ਲੈ ਕੇ ਆਜ਼ਮਗੜ੍ਹ ਲਈ ਰਾਵਾਨਾ ਹੋ ਗਈ। ਇਸ ਰੇਲ ਗੱਡੀ ਵਿਚ 1200 ਮੁਸਾਫ਼ਰਾਂ ਨੂੰ ਉਨ੍ਹਾਂ ਦੇ ਘਰਾਂ ਲਈ ਭੇਜਿਆ ਗਿਆ।
ਵਿਸ਼ੇਸ਼ ਗੱਲ ਇਹ ਹੈ ਕਿ ਲਾਕਡਾਊਨ ਮੌਕੇ ਪੰਜਾਬ ਵਿਚੋਂ ਚੱਲ ਰਹੀਆਂ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਦਾ ਖ਼ਰਚਾ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ। ਸਟੇਸ਼ਨ 'ਤੇ ਐਸਡੀਐਮ ਵਿਕਾਸ ਹੀਰਾ ਪ੍ਰਵਾਸੀਆਂ ਨੂੰ ਤੋਰਨ ਅਤੇ ਪ੍ਰਬੰਧ ਕਰਵਾਉਣ ਲਈ ਪੁੱਜੇ ਹੋਏ ਸਨ। ਉਨ੍ਹਾਂ ਦਸਿਆ ਕਿ ਸਾਰੇ ਮੁਸਾਫ਼ਰਾਂ ਨੂੰ ਖਾਣਾ, ਪਾਣੀ, ਬੱਚਿਆਂ ਨੂੰ ਫਰੂਟੀ ਆਦਿ ਵੀ ਲੈ ਕੇ ਦਿਤੀਆਂ ਗਈਆਂ। ਉਨ੍ਹਾਂ ਦਸਿਆ ਕਿ ਅੱਜ ਖਾਣੇ ਦੇ ਪ੍ਰਬੰਧ ਵਿਚ ਸਮਾਜ ਭਲਾਈ ਸੰਸਥਾ 'ਜੈ ਹੋ' ਨੇ ਵੱਡਾ ਯੋਗਦਾਨ ਪਾਇਆ।
File photo
ਉਨ੍ਹਾਂ ਕਿਹਾ ਕਿ ਇਹ ਰੇਲ ਗੱਡੀਆਂ ਅਜੇ ਇਸੇ ਤਰਾਂ ਚਲਦੀਆਂ ਰਹਿਣਗੀਆਂ ਤੇ ਜਿਨ੍ਹਾਂ ਪ੍ਰਵਾਸੀਆਂ ਨੇ ਪੰਜਾਬ ਸਰਕਾਰ ਦੀ ਵੈਬਸਾਈਟ 'ਤੇ ਘਰ ਜਾਣ ਲਈ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਫ਼ੋਨ ਉਤੇ ਸੰਦੇਸ਼ ਭੇਜ ਕੇ ਰੇਲ ਗੱਡੀ ਵਿਚ ਚੜ੍ਹਨ ਲਈ ਸੱਦਿਆ ਜਾ ਰਿਹਾ ਹੈ।/