
'ਕੋਰੋਨਾ ਵਾਇਰਸ ਦਾ ਉਸਾਰੂ ਪੱਖ'
ਕੋਟਕਪੂਰਾ, 12 ਮਈ (ਗੁਰਿੰਦਰ ਸਿੰਘ): ਭਾਵੇਂ 'ਰੋਜ਼ਾਨਾ ਸਪੋਕਸਮੈਨ' ਸਮੇਤ ਅਨੇਕਾਂ ਸੰਸਥਾਵਾਂ ਅਤੇ ਜਥੇਬੰਦੀਆਂ ਵਲੋਂ 'ਸਾਦੇ ਵਿਆਹ ਸਾਦੇ ਭੋਗ-ਨਾ ਕਰਜ਼ਾ ਨਾ ਚਿੰਤਾ ਰੋਗ' ਦਾ ਹੋਕਾ ਦਿਤਾ ਜਾ ਰਿਹਾ ਹੈ ਪਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਸੰਕਟ ਦੌਰਾਨ ਲੱਗੇ ਕਰਫ਼ੀਊ ਦਾ ਅਸਰ ਖ਼ੁਸ਼ੀ-ਗਮੀ ਦੇ ਸਮਾਗਮਾਂ ਮੌਕੇ ਦਿਸਣ ਲੱਗ ਪਿਆ ਹੈ। ਸਥਾਨਕ ਗੁਰੂ ਤੇਗ ਬਹਾਦਰ ਨਗਰ ਦੇ ਵਸਨੀਕ ਸੱਤਪਾਲ ਸਿੰਘ ਧਾਲੀਵਾਲ ਦਾ ਪੁੱਤਰ ਮਨਜਿੰਦਰ ਸਿੰਘ ਹੈਪੀ ਅਪਣੇ ਟਰੈਕਟਰ 'ਤੇ ਸਵਾਰ ਹੋ ਕੇ ਸਥਾਨਕ ਮੁਕਤਸਰ ਸੜਕ 'ਤੇ ਸਥਿਤ ਪੰਜਾਬ ਪੁਲਿਸ ਦੇ ਏਐਸਆਈ ਰਾਜਪਾਲ ਸਿੰਘ ਦੀ ਪੁੱਤਰੀ ਨਵਨੀਤ ਕੌਰ ਨੂੰ ਵਿਆਹ ਲਿਆਇਆ।
File photo
ਉਕਤ ਪਰਵਾਰ ਨੇ ਵਿਆਹ ਦੀ ਤਰੀਕ 12 ਮਈ ਨਿਸ਼ਚਿਤ ਕੀਤੀ ਸੀ ਪਰ ਤਾਲਾਬੰਦੀ ਅਤੇ ਕਰਫ਼ੀਊ ਦੀ ਮਿਆਦ 17 ਮਈ ਤਕ ਵਧ ਜਾਣ ਕਾਰਨ ਦੋਵਾਂ ਪਰਵਾਰਾਂ ਨੇ ਆਪਸੀ ਸਹਿਮਤੀ ਨਾਲ ਬਿਨਾਂ ਸ਼ੋਰ ਸ਼ਰਾਬੇ ਦੇ ਵਿਆਹ ਦੀਆਂ ਰਸਮਾਂ ਪੂਰੇ ਸਾਦੇ ਢੰਗ ਨਾਲ ਨਿਭਾਉਣ ਦਾ ਫ਼ੈਸਲਾ ਕੀਤਾ। ਉਕਤ ਵਿਆਹ 'ਚ ਲੜਕਾ ਪਰਵਾਰ ਵਲੋਂ ਸਿਰਫ 5 ਬਰਾਤੀ ਸ਼ਾਮਲ ਹੋਏ ਅਤੇ ਦੂਜੇ ਪਾਸੇ ਲੜਕੀ ਪਰਵਾਰ ਦੇ ਵੀ ਸਿਰਫ ਪਰਵਾਰਕ ਮੈਂਬਰ ਹੀ ਹਾਜ਼ਰ ਸਨ। ਲਾੜੇ ਨੇ ਅਪਣੇ ਟਰੈਕਟਰ ਨੂੰ ਮਹਿੰਗੀਆਂ ਕਾਰਾਂ ਦੀ ਤਰਾਂ ਫੁੱਲਾਂ ਅਤੇ ਰਿਬਨਾਂ ਨਾਲ ਸ਼ਿੰਗਾਰਿਆ ਤੇ ਟਰੈਕਟਰ ਉਪਰ ਹੀ ਡੋਲੀ ਲੈ ਆਇਆ। ਸਥਾਨਕ ਬੱਤੀਆਂ ਵਾਲਾ ਚੌਕ 'ਚ ਐਸਐਚਓ ਰਾਜਬੀਰ ਸਿੰਘ ਸੰਧੂ ਦੀ ਅਗਵਾਈ 'ਚ ਵਿਆਂਦੜ ਜੋੜੀ ਨੂੰ ਗੁਲਦਸਤੇ ਭੇਂਟ ਕਰ ਕੇ ਸਨਮਾਨਤ ਕੀਤਾ ਗਿਆ। ਉਨਾਂ ਆਖਿਆ ਕਿ ਸਮੁੱਚੇ ਸਮਾਜ ਨੂੰ ਅਜਿਹੇ ਵਿਆਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।