
ਰੁਟੀਨ ਚੈਕਿੰਗ ਦੌਰਾਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਐਕਸਰੇ ਮਸ਼ੀਨ ਵਿਚ ਨੌਜਵਾਨ ਦੀ ਜੁੱਤੀ ਦੇ ਤਲੇ ਵਿਚ ਕੁਝ ਸ਼ੱਕੀ ਵਸਤੂ ਦੇਖੀ।
ਅੰਮ੍ਰਿਤਸਰ: ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ ਵਿਅਕਤੀ ਕੋਲੋਂ ਕਸਟਮ ਵਿਭਾਗ ਵਲੋਂ 460 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਬਾਜ਼ਾਰ ’ਚ ਕੀਮਤ ਕਰੀਬ 24 ਲੱਖ ਦੱਸੀ ਜਾ ਰਹੀ ਹੈ। ਦਰਅਸਲ ਦੁਬਈ ਤੋਂ ਇਹ ਨੌਜਵਾਨ ਸੋਨੇ ਦੀ ਪੇਸਟ ਬਣਾ ਕੇ ਆਪਣੀ ਜੁੱਤੀ ਵਿਚ ਪਾ ਕੇ ਆਇਆ। ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਕਸਟਮ ਵਿਭਾਗ ਨੇ ਨੌਜਵਾਨਾਂ ਦੀ ਚੈਕਿੰਗ ਕੀਤੀ ਤਾਂ ਉਹਨਾਂ ਨੂੰ ਸ਼ੱਕ ਹੋਇਆ। ਹੁਣ ਨੌਜਵਾਨ ਕਸਟਮ ਵਿਭਾਗ ਦੀ ਹਿਰਾਸਤ ਵਿਚ ਹੈ।
ਮਿਲੀ ਜਾਣਕਾਰੀ ਅਨੁਸਾਰ ਦੁਬਈ ਤੋਂ ਆ ਰਹੀ ਸਪਾਈਸ ਜੈੱਟ ਦੀ ਫਲਾਈਟ ਨੰਬਰ ਐਸ.ਜੀ.56 ਰਾਤ ਨੂੰ ਅੰਮ੍ਰਿਤਸਰ ਲੈਂਡ ਹੋਈ। ਰੁਟੀਨ ਚੈਕਿੰਗ ਦੌਰਾਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਐਕਸਰੇ ਮਸ਼ੀਨ ਵਿਚ ਨੌਜਵਾਨ ਦੀ ਜੁੱਤੀ ਦੇ ਤਲੇ ਵਿਚ ਕੁਝ ਸ਼ੱਕੀ ਵਸਤੂ ਦੇਖੀ। ਇਸ ਤੋਂ ਬਾਅਦ ਨੌਜਵਾਨ ਨੂੰ ਡੂੰਘਾਈ ਨਾਲ ਜਾਂਚ ਲਈ ਰੋਕਿਆ ਗਿਆ। ਜਦੋਂ ਉਸ ਦੀ ਜੁੱਤੀ ਖੋਲ੍ਹੀ ਗਈ ਤਾਂ ਉਸ ਵਿਚ ਚਿੱਟੇ ਰੰਗ ਦੇ ਦੋ ਪੈਕਟ ਸਨ। ਇਹਨਾਂ ਵਿਚ ਸੋਨੇ ਨੂੰ ਪੇਸਟ ਬਣਾ ਕੇ ਪਾਇਆ ਗਿਆ ਸੀ। ਇਸ ਪੇਸਟ ਦਾ ਕੁੱਲ ਵਜ਼ਨ 566 ਗ੍ਰਾਮ ਸੀ ਅਤੇ ਜਦੋਂ ਇਸ ਨੂੰ ਸੋਨੇ ਵਿਚ ਪਾਇਆ ਗਿਆ ਤਾਂ ਸੋਨੇ ਦਾ ਕੁੱਲ ਵਜ਼ਨ 460 ਗ੍ਰਾਮ ਨਿਕਲਿਆ।
Gold recovered from man arriving at Rajasansi Airport from Dubai
ਭਾਰਤ ਵਿਚ ਪੇਸਟ ਬਣਾ ਕੇ ਸੋਨੇ ਦੀ ਤਸਕਰੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਏਅਰਪੋਰਟ 'ਤੇ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ। ਇਸ ਸਾਲ 10 ਫਰਵਰੀ 2022 ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਨੌਜਵਾਨ ਨੂੰ ਸੋਨੇ ਸਮੇਤ ਫੜਿਆ ਗਿਆ ਸੀ। ਉਸ ਨੇ ਬੈਗ ਦੇ ਹੇਠਾਂ ਸੋਨੇ ਦੀ ਪੇਸਟ ਛੁਪਾ ਦਿੱਤੀ ਸੀ। ਅਕਤੂਬਰ 2021 ਵਿਚ ਵੀ 1.600 ਗ੍ਰਾਮ ਸੋਨਾ ਬਰਾਮਦ ਹੋਇਆ ਸੀ, ਜਿਸ ਨੂੰ ਇਕ ਵਿਅਕਤੀ ਪੇਸਟ ਬਣਾ ਕੇ ਲਿਆਉਣ ਦੀ ਫਿਰਾਕ ਵਿਚ ਸੀ। ਨਵੰਬਰ 2021 ਵਿਚ ਇਕ ਨੌਜਵਾਨ ਨੇ 140 ਗ੍ਰਾਮ ਸੋਨੇ ਦੀ ਪੇਸਟ ਬਣਾਈ ਅਤੇ ਉਸ ਨੂੰ ਆਪਣੇ ਪੇਂਟ ਵਿਚ ਲੁਕੋ ਕੇ ਲਿਆਇਆ।
Gold recovered from man arriving at Rajasansi Airport from Dubai
ਸੋਨੇ ਦੀ ਤਸਕਰੀ ਦੀ ਇਹ ਖੇਡ ਭਾਰਤ ਵਿਚ 2018 ਤੋਂ ਸ਼ੁਰੂ ਹੋਈ ਸੀ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਨੇ ਦੀ ਪੇਸਟ ਬਣਾ ਕੇ ਤਸਕਰੀ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਦਰਅਸਲ ਤਸਕਰ ਸੋਨੇ ਨੂੰ ਪੇਸਟ ਵਿਚ ਢਾਲ ਕੇ ਲਿਆਉਂਦੇ ਹਨ ਤਾਂ ਜੋ ਇਸ ਨੂੰ ਏਅਰਪੋਰਟ 'ਤੇ ਲਗਾਏ ਗਏ ਮੈਟਲ ਡਿਟੈਕਟਰ ਵਿਚ ਨਾ ਫੜਿਆ ਜਾ ਸਕੇ।