
ਸੰਸਦੀ ਕਾਜ ਵਿਭਾਗ ਨੇ 12 ਮਈ ਨੂੰ ਮੁੜ ਪੱਤਰ ਜਾਰੀ ਕਰਕੇ ਵਿਧਾਇਕਾਂ ਤੇ ਮੰਤਰੀਆਂ ਦੇ ਨਿੱਜੀ ਸੁਰੱਖਿਆ ਵਾਹਨਾਂ ਦੇ ਖਰਚ ਵੇਰਵੇ ਮੰਗੇ ਹਨ।
ਚੰਡੀਗੜ੍ਹ: ਵਿਧਾਇਕਾਂ ਅਤੇ ਮੰਤਰੀਆਂ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਪੰਜਾਬ ਸਰਕਾਰ ਇਕ ਵਾਰ ਫਿਰ ਹਰਕਤ ਵਿਚ ਆ ਗਈ ਹੈ। ਦਰਅਸਲ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਦਿੱਤੀ ਗਈ ਨਿੱਜੀ ਸੁਰੱਖਿਆ, ਵਾਹਨਾਂ ਅਤੇ ਇਸ 'ਤੇ ਹੋਏ ਖਰਚੇ ਦੇ ਵੇਰਵੇ ਮੰਗੇ ਹਨ। ਵਿਭਾਗ ਵੱਲੋਂ ਜਾਰੀ ਨੋਟਿਸ ਅਨੁਸਾਰ ਅਗਲੇ ਦੋ ਦਿਨਾਂ ਵਿਚ ਇਸ ਵੇਰਵੇ ਸਬੰਧੀ ਜਵਾਬ ਮੰਗਿਆ ਗਿਆ ਹੈ।
ਸੰਸਦੀ ਕਾਜ ਵਿਭਾਗ ਨੇ 12 ਮਈ ਨੂੰ ਮੁੜ ਪੱਤਰ ਜਾਰੀ ਕਰਕੇ ਵਿਧਾਇਕਾਂ ਤੇ ਮੰਤਰੀਆਂ ਦੇ ਨਿੱਜੀ ਸੁਰੱਖਿਆ ਵਾਹਨਾਂ ਦੇ ਖਰਚ ਵੇਰਵੇ ਮੰਗੇ ਹਨ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਸੁਰੱਖਿਆ ਘਟਾਉਣ ਮਗਰੋਂ ਹੁਣ ਮਾਨ ਸਰਕਾਰ ਸੁਰੱਖਿਆ ਵਾਹਨਾਂ ਦੇ ਤੇਲ ਖਰਚੇ ਵਿਚ ਵੀ ਕਟੌਤੀ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਵਾਧੂ ਖਰਚੇ ਘਟਾਉਣ ਲਈ ਫੈਸਲੇ ਲਏ ਜਾ ਰਹੇ ਹਨ। ਸਰਕਾਰ ਦੀ ਇਸ ਮੁਹਿੰਮ ਦੀ ਕਾਫੀ ਸ਼ਲਾਘਾ ਵੀ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਵਿਧਾਇਕਾਂ ਨੂੰ ਪਹਿਲਾਂ ਪ੍ਰਤੀ ਮਹੀਨਾ 500 ਲੀਟਰ ਤੇਲ ਮਿਲਦਾ ਸੀ, ਜਿਸ ਵਿਚ ਕਟੌਤੀ ਕਰ ਦਿੱਤੀ ਗਈ ਸੀ। ਹਾਲਾਂਕਿ ਵਿਧਾਇਕ ਇਹ ਖਰਚੇ ਵਧਾਉਣ ਦੀ ਮੰਗ ਕਰ ਰਹੇ ਹਨ ਪਰ ਖਰਚੇ ਘਟਾਉਣ ਦੀ ਮੁਹਿੰਮ ਤਹਿਤ ਕਈਆਂ ਵਿਧਾਇਕਾਂ ਦੇ ਖਰਚੇ ਘਟ ਸਕਦੇ ਹਨ।