
ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਬਣੇ ਕੋਰੋਨਾ ਹੋਟ ਸਪਾਟ ਕੇਂਦਰ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਹੁਣ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਸਿਲਸਿਲਾ ਵੀ ਵੱਧ ਰਿਹਾ ਹੈ ਅਤੇ ਉਥੇ ਨਾਲ ਹੀ ਪਾਜੇਟਿਵ ਕੋਰੋਨਾ ਮਾਮਲਿਆਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਜਿਥੇ 5 ਹੋਰ ਮੌਤਾਂ ਹੋਈਆਂ ਹਨ ਉਥੇ 100 ਤੋਂ ਵੱਧ ਨਵੇਂ ਪਾਜੇਟਿਵ ਮਾਮਲੇ ਵੀ ਆਏ ਹਨ।
Corona Virus
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਦੇ 24 ਘੰਟਿਆਂ ਦੇ ਸਮੇਂ ਵੀ ਕੋਰੋਨਾ ਨੇ 5 ਜਾਨਾਂ ਲਈਆਂ ਸਨ। ਹੁਣ ਸੂਬੇ ਵਿਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਦਾ ਅੰਕੜਾ ਵੀ 64 ਹੋ ਗਿਆ ਹੈ। ਬੀਤੀ ਸ਼ਾਮ ਤਕ 100 ਤੋਂ ਵੱਧ ਨਵੇਂ ਪਾਜੇਟਿਵ ਮਾਮਲੇ ਆਉਣ ਨਾਲ ਕੁਲ ਅੰਕੜਾ 3000 ਦੇ ਨੇੜੇ ਜਾ ਪੁੱਜਾ ਹੈ। ਸੱਭ ਤੋਂ ਵੱਧ 63 ਕੇਸ ਜ਼ਿਲ੍ਹਾ ਅੰਮ੍ਰਿਤਸਰ ਦੇ ਆਏ ਹਨ।
Corona virus
23 ਮਰੀਜ਼ ਠੀਕ ਵੀ ਹੋਏ ਹਨ ਜਿਸ ਨਾਲ ਇਨ੍ਹਾਂ ਦੀ ਕੁਲ ਗਿਣਤੀ 2282 ਹੋ ਗਈ ਹੈ। ਇਸ ਸਮੇਂ ਇਲਾਜ ਅਧੀਨ 641 ਕੋਰੋਨਾ ਪੀੜਤਾਂ ਵਿਚੋਂ 11 ਦੀ ਹਾਲਤ ਗੰਭੀਰ ਹੈ। ਇਸ ਵਿਚੋਂ 9 ਆਕਸੀਜਨ ਅਤੇ 2 ਵੈਟੀਲੇਟਰ ਉਤੇ ਹਨ। ਹੋਈਆਂ ਪੰਜ ਮੌਤਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਸੰਗਰੂਰ ਨਾਲ ਸਬੰਧਤ ਹਨ। ਇਸ ਸਮੇਂ ਸੱਭ ਤੋਂ ਵੱਧ ਪਾਜੇਟਿਵ ਮਰੀਜ਼ ਜ਼ਿਲ੍ਹਾ ਅੰਮ੍ਰਿਤਸਰ ਵਿਚ ਹਨ। ਇਥੇ ਅੰਕੜਾ 600 ਦੇ ਨੇੜੇ ਪਹੁੰਚ ਚੁਕਾ ਹੈ। ਇਸ ਤੋਂ ਬਾਅਦ ਜਲੰਧਰ 319, ਲੁਧਿਆਣਾ 307 ਪਾਜੇਟਿਵ ਮਰੀਜ਼ ਹੁਣ ਤਕ ਦਰਜ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਕੋਈ ਵੀ ਜ਼ਿਲ੍ਹਾ ਕੋਰੋਨਾ ਮੁਕਤ ਨਹੀਂ ਤੇ ਹਰ ਜ਼ਿਲ੍ਹੇ ਵਿਚ ਨਵੇਂ ਪਾਜੇਟਿਵ ਮਾਮਲੇ ਆ ਰਹੇ ਹਨ।
Corona virus
ਪੰਜਾਬ 'ਚ ਬੀਤੇ ਦਿਨ ਸਾਹਮਣੇ ਆਏ ਨਵੇਂ ਮਾਮਲੇ
ਲੁਧਿਆਣਾ 'ਚ ਇਕ ਹੋਰ ਕੋਰੋਨਾ ਪੀੜਤ ਦੀ ਮੌਤ, 25 ਨਵੇਂ ਮਰੀਜ਼ ਆਏ ਸਾਹਮਣੇ
ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ ਜੋ ਪਿਛਲੇ ਕਈ ਦਿਨਾਂ ਤੋਂ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਦਾਖ਼ਲ ਸੀ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ ਨੇ ਦਸਿਆ ਕਿ ਮ੍ਰਿਤਕ ਔਰਤ ਅਪਣੀਆਂ ਹੋਰ ਬਿਮਾਰੀਆਂ ਦੇ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਸੀ ਪਰ ਜਦੋਂ ਉਸ ਦੇ ਸਰੀਰ ਵਿਚ ਕੋਰੋਨਾ ਦੇ ਲੱਛਣ ਮਹਿਸੂਸ ਹੋਏ ਤਾਂ ਉਸ ਦੀ ਲੈਬ ਜਾਂਚ ਵੀ ਕਰਵਾਈ ਗਈ ਜਿਸ ਦੌਰਾਨ ਉਹ ਕੋਰੋਨਾ ਪਾਜ਼ੇਟਿਵ ਪਾਈ।
Corona Virus
ਉਨ੍ਹਾਂ ਅੱਗੇ ਦਸਿਆ ਕਿ ਮ੍ਰਿਤਕ ਸ਼ਾਨੋ ਸ਼ਰਮਾ ਵਾਸੀ ਦਿਲਬਾਗ ਕਾਲੋਨੀ ਜਲੰਧਰ, ਜਿਸ ਦੀ ਉਮਰ ਲਗਭਗ 67 ਸਾਲ ਦੇ ਕਰੀਬ ਸੀ, ਕੋਰੋਨਾ ਸਮੇਤ ਵੱਖ-ਵੱਖ ਬੀਮਾਰੀਆਂ ਨਾਲ ਲੜਦੀ ਹੋਈ ਰਾਤ ਵੇਲੇ ਦਮ ਤੋੜ ਗਈ। ਉਧਰ ਲੁਧਿਆਣਾ 'ਚ ਬੀਤੇ ਦਿਨ ਕੋਰੋਨਾ ਦਾ ਜ਼ਬਰਦਸਤ ਧਮਾਕਾ ਹੋਇਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦਸਿਆ ਕਿ ਜਾਂਚ ਦੌਰਾਨ ਲੁਧਿਆਣਾ ਵਿਚ ਇਕੋ ਦਿਨ ਵਿਚ ਕੋਰੋਨਾ ਤੋਂ ਪ੍ਰਭਾਵਿਤ 25 ਮਰੀਜ਼ ਸਾਹਮਣੇ ਆਏ ਹਨ।
Corona Virus
ਸੰਗਰੂਰ 'ਚ ਕੋਰੋਨਾ ਕਾਰਨ ਦੂਜੀ ਮੌਤ
ਕੋਰੋਨਾ ਵਾਇਰਸ ਕਾਰਨ ਸੰਗਰੂਰ ਜ਼ਿਲ੍ਹੇ 'ਚ ਦੂਜੀ ਮੌਤ ਹੋਈ ਹੈ। ਮ੍ਰਿਤਕ ਮਹਿਲਾ ਬਿਮਲਾ ਦੇਵੀ ਜੋ ਕਿ ਮਲੇਰਕੋਟਲਾ ਨਾਲ ਸਬੰਧਤ ਸੀ ਤੇ ਕੋਰੋਨਾ ਵਾਇਰਸ ਨਾਲ ਪੀੜਤ ਸੀ, ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਸੀ।
Corona Virus
ਅੰਮ੍ਰਿਤਸਰ 'ਚ ਕੋਰੋਨਾ ਦੇ 36 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ
ਅੰਮ੍ਰਿਤਸਰ, 12 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਲਾਗ ਦੀ ਬਿਮਾਰੀ ਲਗਾਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਸ਼ੁਕਰਵਾਰ ਨੂੰ ਜ਼ਿਲ੍ਹੇ ਵਿਚ ਸਵਾ ਸਾਲ ਦੇ ਬੱਚੇ ਤੋਂ ਇਲਾਵਾ 36 ਹੋਰ ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਜ਼ਿਲ੍ਹੇ ਵਿਚ ਹੁਣ ਮਰੀਜ਼ਾਂ ਦਾ ਅੰਕੜਾ ਵੱਧ ਕੇ 578 ਹੋ ਗਿਆ ਹੈ। ਇਨ੍ਹਾਂ ਵਿਚੋਂ 15 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 390 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਹੁਣ 173 ਮਰੀਜ਼ ਅਜੇ ਵੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਹਨ।
Corona Virus
ਇਹ ਪਹਿਲਾ ਮੌਕਾ ਹੈ ਜਦੋਂ ਇਕੋ ਸਮੇਂ ਜ਼ਿਲ੍ਹੇ ਵਿਚ ਇੰਨੀ ਵੱਡੀ ਗਿਣਤੀ 'ਚ ਮਰੀਜ਼ ਸਾਹਮਣੇ ਆਏ ਹੋਣ। ਅੰਮ੍ਰਿਤਸਰ ਵਿਚ ਲਗਾਤਾਰ ਵੱਧ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਕਾਰਨ ਲੋਕਾਂ ਵਿਚ ਭਾਰੀ ਡਰ ਦਾ ਮਾਹੌਲ ਹੈ। ਦੂਜੇ ਪਾਸੇ ਅੰਮ੍ਰਿਤਸਰ ਪ੍ਰਸ਼ਾਸਨ ਨੇ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸ਼ਨੀਵਾਰ ਅਤੇ ਐਤਵਾਰ ਨੂੰ ਜ਼ਿਲ੍ਹੇ ਵਿਚ ਲਾਕਡਾਊਨ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿਤੇ ਹਨ। ਇਸ ਦੇ ਨਾਲ ਪ੍ਰਸ਼ਾਸਨ ਵਲੋਂ ਬਾਜ਼ਾਰ ਅਤੇ ਦੁਕਾਨਾਂ ਵੀ ਬੰਦ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ।
ਮੋਹਾਲੀ 'ਚ ਤਿੰਨ ਨਵੇਂ ਪੀੜਤਾਂ ਦੀ ਪੁਸ਼ਟੀ
ਜ਼ਿਲ੍ਹਾ ਮੋਹਾਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸ਼ੁਕਰਵਾਰ ਨੂੰ ਜ਼ਿਲ੍ਹੇ 'ਚ ਤਿੰਨ ਨਵੇਂ ਮਰੀਜ਼ਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਦੋ ਨਵੇਂ ਮਰੀਜ਼ਾਂ 'ਚ ਜ਼ੀਰਕਪੁਰ ਦੀ ਰਹਿਣ ਵਾਲੀ 68 ਸਾਲਾ ਜਨਾਨੀ ਅਤੇ 40 ਸਾਲਾ ਵਿਅਕਤੀ ਦੀ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ, ਜਦਕਿ ਤੀਜਾ ਮਰੀਜ਼ ਮੁੱਲਾਂਪੁਰ ਦੇ ਪਿੰਡ ਤੋਗਾਂ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਮੋਹਾਲੀ ਜ਼ਿਲ੍ਹੇ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 146 ਤਕ ਪਹੁੰਚ ਗਈ ਹੈ।
Corona virus
ਰੂਪਨਗਰ 'ਚ 4 ਹੋਰ ਨਵੇਂ ਕੇਸਾਂ ਦੀ ਹੋਈ ਪੁਸ਼ਟੀ
ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਦੇ 4 ਨਵੇਂ ਕੇਸ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 6 ਹੋ ਗਈ ਹੈ। 3 ਨਵੇਂ ਕੇਸ ਪਿੰਡ ਤਲਵਾੜਾ ਤਹਿਸੀਲ ਨੰਗਲ ਦੇ ਹਨ ਅਤੇ ਇਨ੍ਹਾਂ ਦੀ ਉਮਰ 21 ਸਾਲ, 18 ਸਾਲ ਅਤੇ 54 ਸਾਲ ਸਾਰੇ ਪੁਰਸ਼ ਹਨ। ਇਨ੍ਹਾਂ ਨੇ ਮੁੱਖ ਮਰੀਜ਼ ਨਾਲ ਪਿੰਡ ਮਾਂਗੇਵਾਲ ਤਹਿ. ਸ੍ਰੀ ਅਨੰਦਪੁਰ ਸਾਹਿਬ ਜਿਸ ਦੀ ਉਮਰ 55 ਸਾਲ ਮਹਿਲਾ ਮਰੀਜ਼ ਹੈ, ਨਾਲ ਰਿਹਾਇਸ਼ ਸਾਂਝੀ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦਸਿਆ ਕਿ ਹੁਣ ਤਕ ਜ਼ਿਲ੍ਹੇ 'ਚ 6009 ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ।
ਜਿਨ੍ਹਾਂ 'ਚੋਂ 5233 ਕੇਸ ਨੈਗੇਟਿਵ ਪਾਏ ਗਏ ਜਦਕਿ 694 ਲੋਕਾਂ ਦੀ ਰਿਪੋਰਟ ਪੈਂਡਿੰਗ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਸਕ ਪਾਉਣ ਅਤੇ ਹੋਰ ਸਰਕਾਰੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤਾਂ ਜੋ ਜ਼ਿਲ੍ਹੇ 'ਚ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਫ਼ਾਜ਼ਿਲਕਾ 'ਚ ਕੋਰੋਨਾ ਦੇ ਦੋ ਪਾਜ਼ੇਟਿਵ ਮਾਮਲੇ ਆਏ
ਫ਼ਾਜ਼ਿਲਕਾ ਜ਼ਿਲ੍ਹੇ ਤੋਂ ਭੇਜੇ ਗਏ ਕੋਰੋਨਾ ਟੈਸਟ ਦੇ ਨਮੂਨਿਆਂ ਦੀ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ 2 ਹੋਰ ਕੇਸਾਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਦੋ ਕੇਸ ਪਾਜ਼ੇਟਿਵ ਆਉਣ ਕਾਰਨ ਮੁੜ ਹੁਣ ਜ਼ਿਲ੍ਹੇ 'ਚ 4 ਤੋਂ 6 ਕੋਰੋਨਾ ਮਾਮਲੇ ਸਰਗਰਮ ਹੋ ਗਏ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦਿਤੀ। ਸਿਵਲ ਸਰਜਨ ਨੇ ਦਸਿਆ ਕਿ ਪਾਜ਼ੇਟਿਵ ਆਉਣ ਵਾਲੀ ਇਕ ਔਰਤ ਦੀ ਉਮਰ ਲਗਭਗ 26 ਸਾਲ ਅਤੇ ਦੂਜੇ ਵਿਅਕਤੀ ਦੀ ਉਮਰ ਕਰੀਬ 40 ਸਾਲ ਹੈ।
Corona Virus
ਉਨ੍ਹਾਂ ਦਸਿਆ ਕਿ ਔਰਤ 7 ਜੂਨ ਨੂੰ ਗੁੜਗਾਉਂ ਤੋਂ ਆਈ ਸੀ, ਜਿਸ ਦੇ 9 ਜੂਨ ਨੂੰ ਨਮੂਨੇ ਟੈਸਟ ਲਈ ਭੇਜੇ ਗਏ ਸਨ। ਉਕਤ ਔਰਤ ਦੇ ਸੰਪਰਕ 'ਚ ਆਏ 7 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਨਮੂਨੇ ਲਏ ਜਾ ਰਹੇ ਹਨ। ਦੂਜਾ ਪਾਜ਼ੇਟਿਵ ਆਉਣ ਵਾਲਾ ਅਬੋਹਰ ਦੀ ਸੁਭਾਸ਼ ਨਗਰੀ ਦਾ ਰਹਿਣ ਵਾਲਾ ਹੈ। ਦੋਵਾਂ ਨੂੰ ਜਲਾਲਾਬਾਦ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰ ਦਿਤਾ ਗਿਆ ਹੈ।
Corona virus
ਜਲੰਧਰ 'ਚ ਸਿਹਤ ਕਰਮਚਾਰੀ ਸਣੇ ਦੋ ਹੋਰ ਆਏ ਪਾਜ਼ੇਟਿਵ
ਕਈ ਦਿਨਾਂ ਤੋਂ ਜ਼ਿਲ੍ਹੇ ਵਿਚ ਜਾਰੀ ਕੋਰੋਨਾ ਲਾਗ ਦੀ ਬਿਮਾਰੀ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਲਮ ਇਹ ਹੈ ਕਿ ਹੁਣ ਸਿਹਤ ਕਾਮੇ ਵੀ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆਉਣੇ ਸ਼ੁਰੂ ਹੋ ਗਏ ਹਨ। ਸ਼ੁੱਕਰਵਾਰ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਕੰਮ ਕਰਨ ਵਾਲੇ ਐਕਸਰੇਅ ਟੈਕਨੀਸ਼ੀਅਨ ਸਣੇ ਦੋ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਇਕ ਵਿਅਕਤੀ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਇਸ ਤਰ੍ਹਾਂ ਜ਼ਿਲ੍ਹੇ ਵਿਚ ਸ਼ੁੱਕਰਵਾਰ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਮਾਮਲੇ ਰਿਪੋਰਟ ਕੀਤੇ ਹੋਏ ਹਨ।
Corona Virus
ਫ਼ਿਰੋਜ਼ਪੁਰ 'ਚ ਮਿਲਿਆ ਕੋਰੋਨਾ ਦਾ ਇਕ ਪੀੜਤ
ਕੋਰੋਨਾ ਵਾਇਰਸ ਦੀ ਬੀਮਾਰੀ ਦਿਨ-ਬ-ਦਿਨ ਅਪਣੇ ਪੈਰ ਛੇਤੀ ਨਾਲ ਪਸਾਰ ਰਹੀ ਹੈ ਭਾਵੇਂ ਸਰਕਾਰ ਵਲੋਂ ਇਸ ਤੋਂ ਬਚਣ ਲਈ ਮਾਸਕ ਪਾਉਣਾ ਅਤੇ ਸਮਾਜਕ ਦੂਰੀ ਰੱਖਣ ਲਈ ਸਖ਼ਤ ਉਪਰਾਲੇ ਕਰਨ ਉਪਰੰਤ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਗਰੀਨ ਜ਼ੋਨ 'ਚ ਸ਼ਾਮਲ ਕਰ ਦਿਤਾ ਗਿਆ ਸੀ ਪੁਰ ਹੁਣ ਫ਼ਿਰੋਜ਼ਪੁਰ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਜਲੰਧਰ ਕਲੋਨੀ ਰਾਮ ਲਾਲ ਨਗਰ ਫ਼ਿਰੋਜ਼ਪੁਰ ਸ਼ਹਿਰ ਦਾ 35 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ।
ਇਹ ਵਿਅਕਤੀ ਕੁੱਝ ਦਿਨ ਪਹਿਲਾਂ ਚੰਡੀਗੜ੍ਹ ਗਿਆ ਸੀ ਜਦੋਂ ਇਹ ਵਿਅਕਤੀ ਚੰਡੀਗੜ੍ਹ ਤੋਂ ਵਾਪਸ ਆਇਆ ਤਾਂ ਇਸ ਨੂੰ ਬੁਖਾਰ ਅਤੇ ਖਾਂਸੀ ਦੀ ਤਕਲੀਫ਼ ਸ਼ੂਰੂ ਹੋਈ ਤਾਂ ਇਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਇਲਾਜ ਦੌਰਾਨ ਇਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਜੋ ਇਲਾਜ ਅਧੀਨ ਹੈ।
Corona Virus
ਪਠਾਨਕੋਟ 'ਚ ਛੇ ਦੀ ਕੋਰੋਨਾ ਰੀਪੋਰਟ ਆਈ ਪਾਜ਼ੇਟਿਵ
ਜ਼ਿਲ੍ਹਾ ਪਠਾਨਕੋਟ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਰਿਹਾ ਹੈ। ਸਿਹਤ ਵਿਭਾਗ ਪਠਾਨਕੋਟ ਨੂੰ ਕੋਰੋਨਾ ਦੀਆਂ 178 ਰਿਪੋਰਟਾਂ ਪ੍ਰਾਪਤ ਹੋਈਆਂ ਜਿਨ੍ਹਾਂ 'ਚ ਪੁਲਿਸ ਮੁਲਾਜ਼ਮ ਸਮੇਤ ਛੇ ਹੋਰ ਵਿਅਕਤੀਆਂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਅਤੇ 172 ਵਿਅਕਤੀਆਂ ਦੀ ਰੀਪੋਰਟ ਨੈਗੇਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਵਿਨੋਦ ਸਰੀਨ ਅਤੇ ਐਸ.ਐਮ.ਓ ਡਾ ਭੁਪਿੰਦਰ ਸਿੰਘ ਨੇ ਕੀਤੀ ਹੈ।