
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਨਾਲ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ।
ਚੰਡੀਗੜ੍ਹ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਨਾਲ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਇਸ ਦੇ ਚਲਦਿਆਂ ਦਿੱਲੀ ਦੇ ਕਈ ਲੋਕ ਕੋਰੋਨਾ ਦੇ ਟੈਸਟ ਅਤੇ ਇਲਾਜ ਲਈ ਪੰਜਾਬ ਆ ਰਹੇ ਹਨ। ਇਸ ਨਾਲ ਸਿਹਤ ਵਿਭਾਗ ਦੇ ਅਧਿਕਾਰੀ ਕਾਫੀ ਚਿੰਤਤ ਹਨ।
Corona Virus
ਪਿਛਲੇ ਕਈ ਸਾਲਾਂ ਤੋਂ ਦਿੱਲੀ ਵਿਚ ਤਾਇਨਾਤ ਇਕ 57 ਸਾਲਾ ਬੈਂਕ ਮੈਨੇਜਰ ਦਾ ਕੱਲ੍ਹ ਪਟਿਆਲਾ ਵਿਚ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ ਤੇ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਅਪਣੇ ਪਿਤਾ ਵਿਚ ਕੋਰੋਨਾ ਵਾਇਰਸ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੇ ਲੜਕੇ ਨੇ ਦੱਸਿਆ ਕਿ ਉਹ ਅਪਣੇ ਪਿਤਾ ਨੂੰ ਇਲ਼ਾਜ ਕਈ ਕਈ ਹਸਪਤਾਲਾਂ ਵਿਚ ਲੈ ਕੇ ਗਿਆ ਪਰ ਕਿਤੇ ਵੀ ਉਹਨਾਂ ਦਾ ਇਲਾਜ ਨਹੀਂ ਕੀਤਾ ਗਿਆ।
Corona virus
ਇਕ ਹੋਰ ਮਾਮਲੇ ਵਿਚ ਇਕ ਬਜ਼ੁਰਗ ਜੋੜੇ ਨੂੰ ਪਟਿਆਲਾ ਵਿਖੇ ਰਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬਜ਼ੁਰਗ ਜੋੜੇ ਨੇ ਦਿੱਲੀ ਤੋਂ ਪਟਿਆਲਾ ਆਉਂਦਿਆਂ ਹੀ ਸਿਹਤ ਸੁਵਿਧਾ ਕੇਂਦਰ ਦਾ ਦੌਰਾ ਕੀਤਾ। ਉਹਨਾਂ ਰਾਜਧਾਨੀ ਦੀ ਇਕ ਪ੍ਰਾਈਵੈਟ ਲੈਬ ਵਿਚ ਵੀ ਟੈਸਟ ਕਰਵਾਇਆ ਸੀ ਤੇ ਉਹਨਾਂ ਦੀ ਰਿਪੋਰਟ ਪਾਜ਼ੀਟਿਵ ਸੀ।
Corona virus
ਪਟਿਆਲਾ ਦੇ ਸਿਵਲ ਸਰਜਨ ਡਾਕਟਰ ਹਰੀਸ਼ ਮਲਹੋਤਰਾ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਇਹ ਸਾਰੇ ਲੋਕ ਕੋਰੋਨਾ ਇਲਾਜ ਲਈ ਪੰਜਾਬ ਦੇ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਅਜਿਹੇ ਮਰੀਜਾਂ ਨੂੰ ਪੰਜਾਬ ਦੇ ਮਾਮਲਿਆਂ ਵਿਚ ਨਹੀਂ ਗਿਣਿਆ ਜਾਵੇਗਾ।
Corona Virus
ਸੂਤਰਾਂ ਅਨੁਸਾਰ ਦਿੱਲੀ ਦੇ ਲੋਕ ਕਿਰਾਏ ‘ਤੇ ਰਿਹਾਇਸ਼ ਲੈਣ ਲਈ ਪੰਜਾਬ ਵਿਚ ਅਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਰਹੇ ਹਨ। ਜ਼ਿਲ੍ਹਾ ਮਹਾਂਮਾਰੀ ਵਿਗਿਆਨੀ ਡਾ: ਸੁਮੀਤ ਸਿੰਘ ਨੇ ਕਿਹਾ, ਦਿੱਲੀ ਤੋਂ ਕਈ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਪੰਜਾਬ ਵਿਚ ਮਿਲਣ ਲਈ ਆ ਰਹੇ ਹਨ ਕਿਉਂਕਿ ਰਾਜਧਾਨੀ ਦੀ ਸਥਿਤੀ ਦਿਨੋ-ਦਿਨ ਬਦਤਰ ਹੁੰਦੀ ਜਾ ਰਹੀ ਹੈ।