
ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹਿਜੜਾ ’ਚ ਇਕ ਅੰਗਹੀਣ ਮਜ਼ਦੂਰ ਵਲੋਂ ਘਰ ਦੀ ਗ਼ਰੀਬੀ ਤੋਂ ਤੰਗ ਆ ਕੇ ਖ਼ੁਦਕੁਸ਼ੀ
ਮਹਿਲ ਕਲਾਂ, 12 ਜੂਨ (ਜਗਦੇਵ ਸਿੰਘ ਸੇਖੋਂ) : ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹਿਜੜਾ ’ਚ ਇਕ ਅੰਗਹੀਣ ਮਜ਼ਦੂਰ ਵਲੋਂ ਘਰ ਦੀ ਗ਼ਰੀਬੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਲਿਤ ਪਰਵਾਰ ਨਾਲ ਸਬੰਧਤ ਕੁਲਵਿੰਦਰ ਸਿੰਘ (39) ਪੁੱਤਰ ਹਰਨੇਕ ਸਿੰਘ ਵਾਸੀ ਸਹਿਜੜਾ ਦੀ ਇਕ ਸੜਕ ਹਾਦਸੇ ’ਚ ਬਾਂਹ ਕੱਟ ਗਈ ਸੀ। ਉਸ ਤੋਂ ਬਾਅਦ ਉਹ ਇਕ ਬਾਂਹ ਨਾਲ ਮਿਹਨਤ ਮਜ਼ਦੂਰੀ ਕਰ ਕੇ ਅਪਣਾ ਪਰਵਾਰ ਪਾਲਦਾ ਸੀ। ਤਾਲਾਬੰਦੀ ਅਤੇ ਕਰਫ਼ਿਊ ਨੇ ਉਸ ਦਾ ਸਾਰਾ ਧੰਦਾ ਚੌਪਟ ਕਰ ਕੇ ਰੱਖ ਦਿਤਾ ਅਤੇ ਉਸ ਲਈ ਅਪਣੇ ਪਰਵਾਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੋ ਗਿਆ ਜਿਸ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ। ਸਰੀਰ ਦੀ ਅਪਾਹਜਤਾ ਅਤੇ ਗ਼ਰੀਬੀ ਤੋਂ ਤੰਗ ਆ ਕੇ ਕੁਲਵਿੰਦਰ ਸਿੰਘ ਨੇ ਅਪਣੀ ਜੀਵਨ ਖੇਡ ਸਮਾਪਤ ਕਰਨ ਲਈ ਘਰ ਵਿਚ ਹੀ ਜ਼ਹਿਰੀਲੀ ਦਵਾਈ ਪੀ ਲਈ ਜਿਸ ਦੀ ਹਸਪਤਾਲ ਲਿਜਾਂਦਿਆਂ ਰਸਤੇ ਵਿਚ ਹੀ ਮੌਤ ਹੋ ਗਈ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਹੈ।