
ਕੋਤਾਹੀ ਕਰਨ ਵਾਲੇ ਮੁਲਾਜਮ/ਅਧਿਕਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ
ਚੰਡੀਗੜ੍ਹ: ਪੰਚਾਇਤੀ ਜ਼ਮੀਨਾਂ ਨੂੰ ਠੇਕਿਆਂ ਉਤੇ ਦੇਣ ਲਈ ਕੀਤੀਆਂ ਜਾ ਰਹੀਆਂ ਨਿਲਾਮੀਆਂ ਦੇ ਕੰਮ ਵਿਚ ਮੁਕੰਮਲ ਪਾਰਦਰਸ਼ਤਾ ਲਿਆਉਣ ਲਈ, ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮਹਿਕਮੇ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਨਿਲਾਮੀ ਹੋਣ ਤੋਂ ਪੰਜ ਦਿਨਾਂ ਦੇ ਅੰਦਰ ਅੰਦਰ ਠੇਕੇ ਦੀ ਰਕਮ ਪੰਚਾਇਤ ਦੇ ਖਾਤੇ ਵਿਚ ਜਮਾਂ ਹੋ ਜਾਣੀ ਚਾਹੀਦੀ ਹੈ।
Tripat Rajinder Singh Bajwa
ਉਹਨਾਂ ਇਸ ਸੰਬੰਧੀ ਅੱਜ ਮਹਿਕਮੇ ਦੇ ਅਧਿਕਾਰੀਆਂ ਨੂੰ ਸਖਤ ਹਿਦਾਇਤਾਂ ਦਿੰਦਿਆਂ ਕਿਹਾ ਹੈ ਕਿ ਠੇਕੇ ਦੀ ਰਕਮ ਮਿੱਥੇ ਗਏ ਸਮੇਂ ਵਿਚ ਪੰਚਾਇਤ ਦੇ ਖਾਤੇ ਵਿਚ ਜਮਾਂ ਨਾ ਹੋਣ ਦੀ ਸੂਰਤ ਵਿਚ ਸਬੰਧਤ ਪੰਚਾਇਤ ਸਕੱਤਰ ਦੇ ਨਾਲ ਨਾਲ ਉਥੋਂ ਦਾ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਿੰਮੇਂਵਾਰ ਹੋਵੇਗਾ।
Tripat Rajinder Singh Bajwa
ਬਾਜਵਾ ਨੇ ਕਿਹਾ ਕਿ ਉਹਨਾਂ ਨੂੰ ਕਈ ਥਾਂਵਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਸ਼ਾਮਲਾਟ ਜ਼ਮੀਨਾਂ ਦੇ ਠੇਕਿਆਂ ਦੀ ਰਕਮ ਲੰਬਾ ਸਮਾਂ ਪੰਚਾਇਤਾਂ ਦੇ ਖਾਤਿਆਂ ਵਿਚ ਜਮਾਂ ਨਹੀਂ ਕਰਵਾਈ ਜਾਂਦੀ। ਉਹਨਾਂ ਕਿਹਾ ਕਿ ਸਮੇਂ ਸਿਰ ਪੰਚਾਇਤਾਂ ਦੇ ਖਾਤਿਆਂ ਵਿਚ ਠੇਕਿਆਂ ਦੀ ਰਕਮ ਜਮਾਂ ਨਾ ਹੋਣ ਨਾਲ ਜਿੱਥੇ ਪਿੰਡਾਂ ਦੇ ਵਿਕਾਸ ਕਾਰਜ ਪ੍ਰਭਾਵਿਤ ਹੁੰਦੇ ਹਨ ਉਥੇ ਮੁਲਾਜਮਾਂ ਨੂੰ ਸਮੇਂ ਸਿਰ ਤਨਖਾਹਾਂ ਦੇਣ ਵਿਚ ਵੀ ਦਿੱਕਤ ਆਉਂਦੀ ਹੈ।
ਪੰਚਾਇਤ ਮੰਤਰੀ ਨੇ ਕਿਹਾ ਹੈ ਕਿ ਉਹ ਅਗਲੇ ਹਫਤੇ ਹੋਣ ਵਾਲੀ ਉਚ ਅਧਿਕਾਰੀਆਂ ਦੀ ਮੀਟਿੰਗ ਵਿਚ ਇਸ ਮਾਮਲੇ ਦੀ ਸਮੀਖਿਆ ਕਰਨਗੇ। ਉਹਨਾਂ ਨੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਹੁਣ ਤੱਕ ਹੋਈਆਂ ਬੋਲੀਆਂ ਅਤੇ ਜਮਾਂ ਹੋਈਆਂ ਰਕਮਾਂ ਦੀ ਮੁਕੰਮਲ ਰਿਪੋਰਟ ਅਗਲੇ ਹਫਤੇ ਹੋਣ ਵਾਲੀ ਮੀਟਿੰਗ ਵਿਚ ਪੇਸ਼ ਕਰਨ ਵਾਸਤੇ ਕਿਹਾ ਹੈ। ਪੰਚਾਇਤ ਮੰਤਰੀ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਕੋਤਾਹੀ ਕਰਨ ਵਾਲੇ ਕਿਸੇ ਮੁਲਾਜਮ ਅਤੇ ਅਧਿਕਾਰੀ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇਗੀ।
Punjab Govt
ਇਸੇ ਦੌਰਾਨ ਵਿਭਾਗ ਦੇ ਵਿੱਤੀ ਕਮਿਸ਼ਨਰ ਸੀਮਾ ਜੈਨ ਨੇ ਕਿਹਾ ਹੈ ਕਿ ਵਿਭਾਗ ਵੱਲੋਂ ਇਸ ਸਾਲ ਭੇਜੇ ਗਏ ਦਿਸਾ ਨਿਰਦੇਸ਼ਾਂ ਵਿਚ ਸਪਸਟ ਕਿਹਾ ਗਿਆ ਹੈ ਕਿ ਪੰਚਾਇਤੀ ਜਮੀਨ ਦੀ ਬੋਲੀ ਦੀ ਰਕਮ ਬੋਲੀਕਾਰ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਪੰਚਾਇਤ ਕੋਲ ਜਮਾਂ ਕਰਾਉਣੀ ਲਾਜਮੀ ਹੈ। ਉਹਨਾਂ ਕਿਹਾ ਕਿ ਹਰ ਪੰਚਾਇਤ ਲਈ ਇਹ ਲਾਜਮੀ ਹੈ ਕਿ ਉਹ 24 ਘੰਟਿਆਂ ਦੇ ਅੰਦਰ ਅੰਦਰ ਬੋਲੀ ਦੀ ਰਕਮ ਆਪਣੇ ਬੈਂਕ ਖਾਤੇ ਵਿਚ ਜਮਾਂ ਕਰਾਉਣ।
ਉਹਨਾਂ ਕਿਹਾ ਕਿ ਵਿਭਾਗ ਦੀਆਂ ਇਹਨਾਂ ਹਿਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਸਪੱਸ਼ਟ ਕੀਤਾ ਕਿ ਇਹ ਲੇਖਾ ਕਾਰਵਾਈ ਆਨਲਾਈਨ ਈ-ਪੰਚਾਇਤ ਪ੍ਰੋਜੈਕਟ ਦੇ ਰਾਹੀਂ ਹੀ ਕੀਤੀ ਜਾਵੇਗੀ ਅਤੇ ਸਾਰੇ ਖਾਤੇ ਡੈਸ਼ਬੋਰਡ 'ਤੇ ਦਿਖਾਈ ਦੇਣਗੇ। ਉਹਨਾਂ ਨਾਲ ਹੀ ਦੱਸਿਆ ਕਿ ਅਜਿਹਾ ਵਿਭਾਗ ਦੇ ਵਿੱਤੀ ਕੰਮ ਕਾਜ ਨੂੰ ਹੋਰ ਪਾਰਦਰਸ਼ੀ ਅਤੇ ਸੁਚਾਰੂ ਬਣਾਉਣ ਦੇ ਮਨੋਰਥ ਦੇ ਨਾਲ ਕੀਤਾ ਜਾ ਰਿਹਾ ਹੈ।