
27 ਜੂਨ ਨੂੰ ਮੁੜ ਹੋਵੇਗੀ ਮੁਹਾਲੀ ਕੋਰਟ ਵਿਚ ਪੇਸ਼ੀ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਤਿੰਨ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਉਹਨਾਂ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਬਕਾ ਮੰਤਰੀ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਹੁਣ ਉਹਨਾਂ ਨੂੰ 27 ਜੂਨ ਨੂੰ ਮੁਹਾਲੀ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਅਦਾਲਤ ਵਿਚ ਵਿਜੀਲੈਂਸ ਬਿਊਰੋ ਨੇ ਕਿਹਾ ਕਿ ਸਾਬਕਾ ਜੰਗਲਾਤ ਮੰਤਰੀ ਸਹਿਯੋਗ ਨਹੀਂ ਕਰ ਰਹੇ। ਇਸ ’ਤੇ ਸਾਬਕਾ ਮੰਤਰੀ ਦੇ ਵਕੀਲਾਂ ਨੇ ਬਿਊਰਾ ਪੁੱਛਿਆ ਤਾਂ ਵਿਜੀਲੈਂਸ ਕੋਈ ਠੋਸ ਜਵਾਬ ਨਹੀਂ ਦੇ ਸਕੀ, ਜਿਸ ਤੋਂ ਬਾਅਦ ਅਦਾਲਤ ਨੇ ਸਾਬਕਾ ਮੰਤਰੀ ਨੂੰ ਜੇਲ੍ਹ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਧਰਮਸੋਤ 'ਤੇ ਜੰਗਲਾਤ ਮੰਤਰੀ ਰਹਿੰਦਿਆਂ ਘੁਟਾਲੇ ਦੇ ਇਲਜ਼ਾਮ ਹਨ। ਕਿਹਾ ਜਾ ਰਿਹਾ ਹੈ ਕਿ ਮੰਤਰੀ ਦੀ ਮਿਲੀਭੁਗਤ ਨਾਲ ਦਰੱਖ਼ਤ ਕੱਟੇ ਜਾਂਦੇ ਸੀ।
ਇੱਕ ਦਰੱਖਤ ਕੱਟਣ ਦੇ ਸਾਧੂ ਸਿੰਘ ਧਰਮਸੋਤ 500 ਰੁਪਏ ਕਮਿਸ਼ਨ ਲੈਂਦੇ ਸੀ। ਨਵੇਂ ਬੂਟੇ ਲਗਾਉਣ 'ਤੇ ਵੀ ਕਮਿਸ਼ਨ ਲੈਣ ਦਾ ਇਲਜ਼ਾਮ ਹੈ। ਇੱਕ ਸਾਲ 'ਚ ਕਰੀਬ 25 ਹਜ਼ਾਰ ਦਰੱਖ਼ਤ ਕੱਟੇ ਗਏ। ਪਿਛਲੀ ਕਾਂਗਰਸ ਸਰਕਾਰ ਵੇਲੇ ਧਰਮਸੋਤ 'ਤੇ SC ਸਕਾਲਰਸ਼ਿਪ ਘੁਟਾਲੇ ਦੇ ਵੀ ਇਲਜ਼ਾਮ ਲੱਗੇ ਸਨ। ਗ੍ਰਿਫ਼ਤਾਰੀ ਮੌਕੇ ਧਰਮਸੋਤ ਨੇ ਇਹ ਕਿਹਾ ਸੀ ਕਿ ਸਰਕਾਰ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਨੂੰ ਮੇਰੇ ਖਿਲਾਫ਼ ਐੱਸਸੀ ਘੁਟਾਲੇ ਵਿਚ ਕੁੱਝ ਨਹੀਂ ਮਿਲਿਆ ਤਾਂ ਹੁਣ ਇਹ ਮਾਮਲੇ ਵਿਚ ਮੈਨੂੰ ਫਸਾ ਦਿੱਤਾ ਗਿਆ।