
ਧਾਰਮਿਕ ਪ੍ਰੀਖਿਆ ਵਿਚ ਚਾਰ ਦਰਜਿਆਂ ਅੰਦਰ 40774 ਵਿਦਿਆਰਥੀਆਂ ਨੇ ਭਾਗ ਲਿਆ ਸੀ
ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਫਰਵਰੀ 2023 ਵਿਚ ਲਈ ਗਈ ਧਾਰਮਿਕ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਐਲਾਨੇ ਗਏ ਨਤੀਜੇ ਅਨੁਸਾਰ 1552 ਵਿਦਿਆਰਥੀਆਂ ਨੂੰ 32 ਲੱਖ 25 ਹਜ਼ਾਰ ਰੁਪਏ ਵਜੀਫ਼ਾ ਰਾਸ਼ੀ ਵਜੋਂ ਦਿੱਤੇ ਜਾਣਗੇ ਅਤੇ ਇਸ ਤੋਂ ਇਲਾਵਾ ਸਨਮਾਨ ਚਿੰਨ੍ਹ ਤੇ ਪ੍ਰਮਾਣ ਪੱਤਰ ਦੇ ਕੇ ਵੀ ਨਿਵਾਜਿਆ ਜਾਵੇਗਾ।
ਨਤੀਜਾ ਜਾਰੀ ਕਰਨ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜਿਥੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਦਾ ਕਾਰਜ ਕਰਦੀ ਹੈ, ਉਥੇ ਹੀ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਵੀ ਨਿਰੰਤਰ ਕਾਰਜਸ਼ੀਲ ਹੈ। ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਚਾਰਕ ਜਥਿਆਂ ਨਾਲ ਪਿੰਡ ਪੱਧਰ ’ਤੇ ਧਰਮ ਪ੍ਰਚਾਰ ਲਹਿਰ ਚਲਾਈ ਜਾ ਰਹੀ ਹੈ।
ਧਰਮ ਪ੍ਰਚਾਰ ਕਮੇਟੀ ਵੱਲੋਂ 17 ਮਿਸ਼ਨਰੀ ਕਾਲਜ ਅਤੇ ਵਿਦਿਆਲੇ ਨੌਜਵਾਨਾਂ ਨੂੰ ਗੁਰਬਾਣੀ ਕੀਰਤਨ ਅਤੇ ਧਰਮ ਦੀ ਸਿੱਖਿਆ ਦੇਣ ਲਈ ਕਾਰਜਸ਼ੀਲ ਹਨ। ਇਸ ਦੇ ਨਾਲ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖ ਧਰਮ, ਇਤਿਹਾਸ ਤੋਂ ਜਾਣੂ ਕਰਵਾਉਣ ਲਈ ਹਰ ਸਾਲ ਧਾਰਮਿਕ ਪ੍ਰੀਖਿਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ, ਰਹਿਤ ਮਰਯਾਦਾ ਅਤੇ ਸਿੱਖ ਸਿਧਾਂਤਾਂ ਨਾਲ ਜੋੜਨ ਲਈ ਧਾਰਮਿਕ ਪ੍ਰੀਖਿਆ ਦਾ ਵੱਡਾ ਮਹੱਤਵ ਹੈ।
ਹਰਜਿੰਦਰ ਧਾਮੀ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਦੌਰਾਨ ਹਜ਼ਾਰਾਂ ਵਿਦਿਆਰਥੀ ਹਿੱਸਾ ਲੈਂਦੇ ਹਨ, ਜਿਨ੍ਹਾਂ ਵਿਚੋਂ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਜੀਫ਼ਾ ਰਾਸ਼ੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਫ਼ਰਵਰੀ 2023 ਵਿਚ ਲਈ ਗਈ ਧਾਰਮਿਕ ਪ੍ਰੀਖਿਆ ਵਿਚ ਚਾਰ ਦਰਜਿਆਂ ਅੰਦਰ 40774 ਵਿਦਿਆਰਥੀਆਂ ਨੇ ਭਾਗ ਲਿਆ ਸੀ
ਜਿਨ੍ਹਾਂ ਵਿਚੋਂ 1552 ਵਿਦਿਆਰਥੀ ਨੇ ਵਜੀਫ਼ਾ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਹਰ ਦਰਜੇ ਵਿਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਵਿਸ਼ੇਸ਼ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਹਰ ਵਿਦਿਆਰਥੀ ਨੂੰ ਇਸ ਧਾਰਮਿਕ ਪ੍ਰੀਖਿਆ ਦਾ ਹਿੱਸਾ ਬਣਾਉਣ ਲਈ ਸਕੂਲ ਪ੍ਰਬੰਧਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਵੱਧ ਤੋਂ ਵੱਧ ਬੱਚੇ ਅਤੇ ਨੌਜਵਾਨ ਆਪਣੇ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਹੋ ਸਕਣ।