
ਜੇਕਰ ਪੰਚ ਪ੍ਰਧਾਨੀ ਨਹੀ ਬਣਾਉਣੀ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮੁਆਫ਼ੀ ਮੰਗ ਜ਼ਰੂਰ ਲਈਏ ਜੀ
Punjab News: ਚੰਡੀਗੜ੍ਹ - ਲੋਕ ਸਭਾ ਚੋਣਾਂ ਹਾਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਵਿਚ ਕਈ ਬਾਗੀ ਸੁਰ ਉੱਠੇ ਹਨ ਤੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਲਈ ਵੀ ਕਿਹਾ ਜਾ ਰਿਹਾ ਹੈ। ਅੱਜ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਬਰਾੜ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ। ਜਿਸ ਵਿਚ ਉਹਨਾਂ ਨੇ ਕਈ ਸੁਝਾਅ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਬਣੇ ਰਹੋ ਪਰ ਪਾਰਟੀ ਦੇ ਵਡੇਰੇ ਹਿੱਤਾਂ ਲਈ ਇਕ ਪੰਚ ਪ੍ਰਧਾਨੀ ਬਣਾਉਣੀ ਚਾਹੀਦੀ ਹੈ।
ਚਰਨਜੀਤ ਬਰਾੜ ਨੇ ਅਪਣੇ ਪੱਤਰ ਵਿਚ ਲਿਖਿਆ ਕਿ ਮੈਂ ਚੋਣਾਂ ਦੇ ਅਗਲੇ ਦਿਨ ਤੋਂ ਤੁਹਾਨੂੰ ਮਿਲ ਕੇ ਬੇਨਤੀ ਕਰਨਾਂ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਟਾਈਮ ਨਾ ਮਿਲਣ ਕਰਕੇ ਮੈਨੂੰ ਖੁੱਲੇ ਪੱਤਰ ਰਾਹੀਂ ਸੁਝਾਅ ਦੇਣੇ ਪੈ ਰਹੇ ਹਨ। ਜੋ ਮੈਂ ਲਿਖ ਰਿਹਾ ਹਾਂ ਹੋ ਸਕਦਾ ਹੈ ਤੁਹਾਨੂੰ ਚੰਗਾ ਨਾ ਲੱਗੇ ਪਰ ਪਾਰਟੀ ਦੇ ਵਡੇਰੇ ਹਿਤਾਂ ਲਈ ਤੁਹਾਨੂੰ ਸੁਝਾਅ ਦੇ ਰਿਹਾ ਹਾਂ।
ਬੇਨਤੀ ਇਹ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਬਣੇ ਰਹੋ ਪਰ ਕਿਰਪਾ ਕਰਕੇ ਪਾਰਟੀ ਦੇ ਵਡੇਰੇ ਹਿਤਾਂ ਲਈ ਇਕ ਪੰਚ ਪ੍ਰਧਾਨੀ ਬਣਾ ਦਿਉ। ਜਿਸ ਵਿਚ
ਸ: ਬਲਵਿੰਦਰ ਸਿੰਘ ਭੁੰਦੜ ਕਨਵੀਨਰ,
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ
ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ
ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ
ਸ: ਗੁਲਜ਼ਾਰ ਸਿੰਘ ਰਣੀਕੇ ਪ੍ਰਧਾਨ ਐਸਸੀ ਵਿੰਗ ਮੈਂਬਰ
ਸ: ਹੀਰਾ ਸਿੰਘ ਗਾਬੜੀਆ ਪ੍ਰਧਾਨ ਬੀਸੀ ਵਿੰਗ ਮੈਂਬਰ
ਐਨ ਕੇ ਸ਼ਰਮਾ ਪ੍ਰਧਾਨ ਟਰੇਡ ਤੇ ਇੰਡਸਟਰੀ ਵਿੰਗ ਮੈਂਬਰ
ਅਤੇ ਮੈਨੂੰ ਉਸ ਵਿਚ ਮੈਂਬਰ ਸਕੱਤਰ ਬਿੰਨਾਂ ਵੋਟ ਦੇ ਅਧਿਕਾਰ ਤੋਂ ਬਣਾ ਸਕਦੇ ਹੋ।
(ਕੋਰ ਕਮੇਟੀ ਦੀ ਸਲਾਹ ਨਾਲ ਕਨਵੀਨਰ ਜਾਂ ਮੈਂਬਰ ਹੋਰ ਕੋਈ ਵੀ ਹੋ ਸਕਦੇ ਹਨ)
ਇਹ ਐਲਾਨ ਕਰੋ ਕਿ ਇਹ ਪ੍ਰਜੀਡੀਅਮ 14 ਦਿਸੰਬਰ 2024 ਤੱਕ ਹੈ ਜਦੋ ਤੱਕ ਨਵੀ ਭਰਤੀ ਹੋਕੇ ਨਵੇ ਡੈਲੀਗੇਟਾਂ ਰਾਹੀ ਨਵੇਂ ਪ੍ਰਧਾਨ ਦੀ ਚੋਣ ਨਾ ਹੋ ਜਾਵੇ। ਉਸ ਸਮੇਂ ਤੱਕ ਪਾਰਟੀ ਦੇ ਸਾਰੇ ਫ਼ੈਸਲੇ ਉਪਰੋਕਤ ਜਾਂ ਜਿਹੜੀ ਵੀ ਪ੍ਰਜੀਡੀਅਮ ਬਣੇ ਉਹ ਕਰੇਗੀ। ਜਿਸ ਵਿਚ ਆਉਣ ਵਾਲੀਆਂ ਚੋਣਾਂ ਲੜਨਾ, ਐਸਜੀਪੀਸੀ ਦੀਆਂ ਵੋਟਾਂ ਬਣਾਉਣਾਂ ਤੇ ਜੇਕਰ ਜਨਰਲ ਇਲੈਕਸ਼ਨ ਆਉਂਦੀ ਹੈ ਉਹ ਲੜਾਉਣੀ, ਜੇਕਰ ਜਨਰਲ ਚੋਣਾਂ ਨਹੀਂ ਆਉਂਦੀਆਂ ਤਾਂ ਨਵੰਬਰ ਵਿਚ ਐਸਜੀਪੀਸੀ ਮੈਂਬਰਾਂ ਤੋਂ ਐਸਜੀਪੀਸੀ ਪ੍ਰਧਾਨ ਤੇ ਅੰਤਰਿੰਗ ਕਮੇਟੀ ਦੀ ਚੋਣ ਕਰਾਉਣੀ, ਪਾਰਟੀ ਦੀ ਭਰਤੀ ਆਦਿ ਸਾਰੇ ਸਿਆਸੀ ਕੰਮ ਪ੍ਰਜੀਡੀਅਮ ਦੇਖੇਗੀ। ਤੁਸੀਂ ਕਹੋ ਕਿ ਮੈਨੂੰ ਜਿੱਥੇ ਪਾਰਟੀ ਹੁਕਮ ਕਰੇਗੀ ਮੈਂ ਪਹਿਰਾ ਦੇਵਾਂਗਾਂ।
ਦੂਸਰਾ ਜੋ ਅਸੀਂ ਮੁਆਫ਼ੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਖੰਡ ਪਾਠ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਮੰਗ ਚੁੱਕੇ ਹਾਂ ਮੈਂ ਉਸ ਸਮੇਂ 14 ਦਿਸੰਬਰ ਦੇ ਮੌਕੇ ਵੀ ਮੁਆਫ਼ੀ ਮੰਗਣ ਤੋਂ ਪਹਿਲਾਂ ਵੀ ਤੁਹਾਨੂੰ ਜ਼ੁਬਾਨੀ ਵੀ ਤੇ ਲਿਖਤੀ ਵੀ ਬੇਨਤੀ ਕੀਤੀ ਸੀ ਕਿ ਮੁਆਫ਼ੀ ਵਿਧੀ-ਵਿਧਾਨ ਮੁਤਾਬਕ ਲਿਖ ਕੇ ਮੰਗ ਲਈਏ ਜੋ ਸਜ਼ਾ ਸ੍ਰੀ ਅਕਾਲ ਤਖ਼ਤ ਲਾਵੇ ਉਹ ਨਿਮਾਣੇ ਸਿੱਖ ਤਰਾਂ ਭੁਗਤੀਏ ਪ੍ਰਮਾਤਮਾ ਭਲੀ ਕਰੇਗਾ।
ਪਰ ਜਿਵੇਂ ਬਾਕੀ ਸਲਾਹਾਂ ਨੂੰ ਅਕਸਰ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਠੀਕ ਉਸੇ ਤਰਾਂ ਇਹ ਸਲਾਹ ਵੀ ਉਸ ਸਮੇਂ ਨਹੀ ਮੰਨੀ ਗਈ। ਪ੍ਰਧਾਨ ਜੀ ਹੁਣ ਵੀ ਗੱਲ ਉੱਥੇ ਹੀ ਖੜੀ ਹੈ ! ਸਾਡੇ ਨਾਲ ਪ੍ਰਮਾਤਮਾ ਰੁੱਸਿਆ ਹੈ ਤਾਂ ਹੀ ਇੰਨਾਂ ਮਾੜਾ ਹਾਲ ਹੋ ਰਿਹਾ ਹੈ। ਹਰਸਿਮਰਤ ਕੌਰ ਬਾਦਲ ਕਿਉਂ ਜਿੱਤੇ ਕਿਉਂਕਿ ਮਿਹਨਤ ਕਰਨ ਦੇ ਨਾਲ-ਨਾਲ ਉਹ ਡੇਰੇ ਦੀ ਮੁਆਫ਼ੀ ਕਰਵਾਉਣ ਦੇ ਭਾਗੀਦਾਰ ਨਹੀਂ ਸਨ।
ਜੇਕਰ ਪੰਚ ਪ੍ਰਧਾਨੀ ਨਹੀ ਬਣਾਉਣੀ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮੁਆਫ਼ੀ ਮੰਗ ਜ਼ਰੂਰ ਲਈਏ ਜੀ? ਤੀਸਰਾ ਸੁਝਾਅ ਹੈ ਕਿ ਪਾਰਟੀ ਇੱਕ ਮਹੀਨੇ ਵਿਚ ਵੀ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਮੁਆਫ਼ੀ ਦੇ ਨਾਲ-ਨਾਲ ਮੇਰੀ ਸਲਾਹ ਮੁਤਾਬਕ ਇੱਕ ਮਹੀਨਾਂ ਚੱਲ ਕੇ ਦੇਖ ਲਓ। ਜਿੱਥੇ ਪਿਛਲੇ 3 ਸਾਲ ਤੋਂ ਆਪਣੇ ਨਿੱਜੀ ਮੁਫ਼ਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ਤੇ ਤੰਗਦਿੱਲ ਇਨਸਾਨ, ਅਫ਼ਸਰਾਂ ਤੇ ਤਨਖ਼ਾਹਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਆ ਹੈ।
ਉੱਥੇ ਹੁੱਣ ਇੱਕ ਮਹੀਨਾਂ ਲੋਕਾਂ ਦੀ ਇੱਛਾ ਮੁਤਾਬਕ ਸਖ਼ਤ ਫੈਸਲੇ ਲੈ ਕੇ ਦੇਖੋ। ਪਾਰਟੀ ਵੀ ਚੜਦੀ ਕਲਾ ਵਿੱਚ ਚੱਲੇਗੀ, ਪਾਰਟੀ ਪ੍ਰਧਾਨ ਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣੋਗੇ। ਕਿਉਂਕਿ ਪਾਰਟੀ ਪੰਥ ਪ੍ਰਤੀ ਜਜ਼ਬੇ ਵਾਲੇ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ। ਜੇਕਰ ਮੇਰੀ ਕੋਈ ਗੱਲ ਚੰਗੀ ਨਾ ਲੱਗੀ ਤਾਂ ਨਿਮਰਤਾ ਸਾਹਿਤ ਮੁਆਫ਼ੀ ਚਾਹੁੰਦਾਂ ਹਾਂ ਜੀ