
ਕਿਸਾਨਾਂ ਤੋਂ ਨੌਜਵਾਨਾਂ ਤੱਕ ਸੱਭ ਨੂੰ ਤੰਦਰੁਸਤ ਪੰਜਾਬ ਮਿਸ਼ਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ......
ਚੰਡੀਗੜ੍ਹ : ਕਿਸਾਨਾਂ ਤੋਂ ਨੌਜਵਾਨਾਂ ਤੱਕ ਸੱਭ ਨੂੰ ਤੰਦਰੁਸਤ ਪੰਜਾਬ ਮਿਸ਼ਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਕਿਹਾ ਕਿ ਕਿਸਾਨਾਂ ਦਾ ਮਾਰਗ ਦਰਸ਼ਨ ਕਰਨ ਦੇ ਮੌਜੂਦਾ ਕਦਮਾਂ ਦੇ ਨਾਲ ਨਾਲ ਨਸ਼ਿਆਂ ਵਿਰੋਧੀ ਅਤੇ ਨਸ਼ਾ ਛੁਡਾਊ ਮੁਹਿੰਮ ਉਤੇ ਨਜ਼ਰ ਰੱਖਣ ਨੂੰ ਤੰਦਰੁਸਤ ਪੰਜਾਬ ਮਿਸ਼ਨ ਦਾ ਅਨਿੱਖੜ ਅੰਗ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਕੰਮ ਲਈ ਢੁਕਵਾਂ ਢਾਂਚਾ ਮੌਜੂਦ ਹੈ ਪਰ ਅੰਤਰ ਵਿਭਾਗੀ ਤਾਲਮੇਲ ਦੀ ਲੋੜ ਹੈ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਇਸ ਵਲ ਵਿਸ਼ੇਸ਼ ਤਵੱਜੋ ਦਿਤੀ ਜਾਣੀ ਚਾਹੀਦੀ ਹੈ।
'ਤੰਦਰੁਸਤ ਪੰਜਾਬ ਮਿਸ਼ਨ' ਦੀ ਪ੍ਰਗਤੀ ਦੀ ਸਮੀਖਿਆ ਅਤੇ ਇਸ ਮਿਸ਼ਨ ਬਾਰੇ ਅਗਲੀ ਕਾਰਵਾਈ ਬਾਰੇ ਸਬੰਧਤ ਵਿਭਾਗਾਂ ਦੇ ਸਕੱਤਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਮੁੱਖ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਵਿਚ ਹਰਿਆਲੀ ਵਧਾਉਣ ਲਈ ਇਹ ਲਾਜ਼ਮੀ ਹੈ ਕਿ ਸੂਬੇ ਵਿਚ ਅਗਾਂਹ ਤੋਂ ਸੜਕਾਂ, ਸ਼ਾਹਰਾਹਾਂ ਤੇ ਇਮਾਰਤਾਂ ਵਰਗੇ ਹਰ ਇਕ ਤਰ੍ਹਾਂ ਦੇ ਨਿਰਮਾਣ ਕਾਰਜਾਂ ਨਾਲ ਹਰਿਆਲੀ ਦਾ ਤੱਤ ਵੀ ਲਾਜ਼ਮੀ ਜੋੜਿਆ ਜਾਵੇ।
ਉਨ੍ਹਾਂ ਸੁਝਾਅ ਦਿਤਾ ਕਿ ਇਸ ਸਬੰਧੀ ਦਿਸ਼ਾ-ਨਿਰਦੇਸ਼ ਘੜੇ ਜਾਣ ਅਤੇ ਹਰ ਇਕ ਨਿਰਮਾਣ ਵਿਚ 'ਗਰੀਨ ਬਜਟ' ਸ਼ਾਮਲ ਹੋਣਾ ਯਕੀਨੀ ਹੋਵੇ। ਪੌਦੇ ਲਾਉਣ ਦੇ ਮੌਜੂਦਾ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਸੁਝਾਅ ਦਿਤਾ ਕਿ ਮੁਕਤਸਰ, ਬੁਢਲਾਡਾ ਤੇ ਭੀਖੀ (ਮਾਨਸਾ) ਵਰਗੇ ਮੁਕਾਬਲਤਨ ਘੱਟ ਹਰਿਆਲੀ ਵਾਲੇ ਇਲਾਕਿਆਂ ਵਿਚ ਪੌਦੇ ਲਾਉਣ 'ਤੇ ਧਿਆਨ ਕੇਂਦਰਤ ਕੀਤਾ ਜਾਵੇ।