
ਭਾਜਪਾ ਨੇ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਤਿੰਨ ਸੀਨੀਅਰ ਆਗੂਆਂ ਨੂੰ ਬਗ਼ਾਵਤ ਲਈ ਹੱਲਾਸ਼ੇਰੀ ਦਿਤੀ
ਚੰਡੀਗੜ੍ਹ: ਨਵੇਂ ਅਕਾਲੀ ਦਲ ਦੇ ਗਠਨ ਪਿਛੇ ਕਾਂਗਰਸ ਦਾ ਹੱਥ ਹੋਣ ਦੇ ਦੋਸ਼ਾਂ 'ਚ ਕੋਈ ਦਮ ਨਜ਼ਰ ਨਹੀਂ ਆਉਂਦਾ। ਅਸਲ ਵਿਚ ਇਸ ਪਿਛੇ ਜੇ ਕਿਸੇ ਦਾ ਹੱਥ ਹੈ ਤਾਂ ਉਹ ਦੋ ਮੁੱਖ ਧਿਰਾਂ ਹਨ। ਪਿਛਲੇ ਦੋ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਅੰਦਰੂਨੀ ਸਰਕਲ 'ਚ ਇਹ ਆਮ ਹੀ ਚਰਚਾ ਚਲਦੀ ਰਹੀ ਹੈ ਕਿ ਦਿੱਲੀ 'ਚ 8-10 ਸਿੱਖ ਬੁਧੀਜੀਵੀਆਂ ਦਾ ਇਕ ਗਰੁਪ ਹੈ, ਜਿਸ ਵਿਚ ਸੁਖਦੇਵ ਸਿੰਘ ਢੀਂਡਸਾ ਨੂੰ ਬਗ਼ਾਵਤ ਕਰਨ ਅਤੇ ਵਖਰਾ ਅਕਾਲੀ ਦਲ ਬਣਾਉਣ ਲਈ ਵਿਊਂਤਾਂ ਚਲ ਰਹੀਆਂ ਹਨ।
Sukhdev Singh Dhindsa
ਇਸ ਤੋਂ ਇਲਾਵਾ ਅਕਾਲੀ ਦਲ ਦੇ ਅੰਦਰੂਨੀ ਹਲਕੇ ਇਹ ਵੀ ਸਵੀਕਾਰ ਕਰਦੇ ਆ ਰਹੇ ਹਨ ਕਿ ਸੁਖਦੇਵ ਸਿੰਘ ਢੀਂਡਸਾ ਸਮੇਤ ਦੋ ਹੋਰ ਸੀਨੀਅਰ ਅਕਾਲੀ ਨੈਤਾਵਾਂ ਨੂੰ ਵੀ ਪਾਰਟੀ ਵਿਚ ਬਗ਼ਾਵਤ ਲਈ ਭਾਜਪਾ ਵਲੋਂ ਹੱਲਾਸ਼ੇਰੀ ਮਿਲਦੀ ਰਹੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਜਦ ਭਾਜਪਾ ਸਰਕਾਰ ਨੇ ਸਨਮਾਨਤ ਕੀਤਾ ਅਤੇ ਮੀਡੀਆ ਵਲੋਂ ਪੁੱਛੇ ਜਾਣ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਸੀ ਕਿ ਇਨ੍ਹਾਂ ਨੂੰ ਸਨਮਾਨਤ ਕਰਨ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ, ਮੀਡੀਆ ਤੋਂ ਹੀ ਜਾਣਕਾਰੀ ਮਿਲੀ।
Sukhdev Singh Dhindsa
ਉਸ ਸਮੇਂ ਅਕਾਲੀ ਦਲ ਦੇ ਅੰਦਰ ਭਾਜਪਾ ਦੀ ਇਸ ਕਾਰਵਾਈ ਵਿਰੁਧ ਨਰਾਜ਼ਗੀ ਪੈਦਾ ਹੋਈ ਪਰ ਜਾਣ-ਬੁੱਝ ਕੇ ਇਸ ਮਾਮਲੇ 'ਤੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਸਮਾਂ ਲੰਘ ਜਾਣ 'ਤੇ ਅਕਾਲੀ ਦਲ ਦੇ ਇਹ ਸੀਨੀਅਰ ਨੇਤਾ ਅਕਾਲੀ ਦਲ ਵਿਚ ਹੀ ਬੈਠੇ ਰਹੇ ਅਤੇ ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ਤੋਂ ਹੌਲੀ-ਹੌਲੀ ਦੂਰੀ ਬਣਾ ਲਈ। ਭਾਜਪਾ ਵੀ ਹਰਿਆਣਾ ਅਤੇ ਮਹਾਂਰਸ਼ਟਰ ਦੀਆਂ ਚੋਣਾਂ 'ਚ ਝਟਕੇ ਤੋਂ ਬਾਅਦ ਖਾਮੋਸ਼ ਹੀ ਗਈ ਅਤੇ ਅਕਾਲੀ ਦਲ ਨਾਲ ਨੇੜਤਾ ਬਣਾਈ ਰੱਖੀ।
Sukhdev Singh Dhindsa
ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਿਮਪੁਰਾ ਦੀ ਨਰਾਜ਼ਗੀ ਦਾ ਮੁੱਖ ਕਾਰਨ ਉਨ੍ਹਾਂ ਨੂੰ ਮੰਤਰੀ ਪਦ ਤੋਂ ਪਾਸੇ ਕਰ ਕੇ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਬਣਾਉਣਾ ਹੈ। ਪ੍ਰੇਮ ਸਿੰਘ ਚੰਦੂਮਾਜਰਾ ਵੀ ਸੀਨੀਅਰ ਨੇਤਾ ਹਨ। ਅਕਾਲੀ ਦਲ ਦੇ ਸੂਤਰਾਂ ਅਨੁਸਾਰ ਭਾਜਪਾ ਹਾਈ ਕਮਾਂਡ ਨੇ ਅਕਾਲੀ ਦਲ ਦੇ ਨੇਤਾਵਾਂ ਨੂੰ ਸੁਝਾਅ ਦਿਤਾ ਸੀ ਕਿ ਕੈਬਨਿਟ ਮੰਤਰੀ ਦਾ ਇਕ ਪਦ ਲੈਣ ਦੀ ਬਜਾਏ ਉਹ ਰਾਜ ਮੰਤਰੀ ਦੇ ਦੋ ਪਦ ਲੈ ਲੈਣ।
Sukhdev Singh Dhindsa
ਇਸ ਨਾਲ ਹਰਸਿਮਰਤ ਕੌਰ ਵੀ ਮੰਤਰ ਬਣ ਜਾਵੇਗੀ ਅਤੇ ਸੁਖਦੇਵ ਸਿੰਘ ਢੀਂਡਸਾ ਵੀ ਮੰਤਰੀ ਬਣ ਸਕਣਗੇ ਪਰ ਅਕਾਲੀ ਨੇ ਕੈਬਨਿਟ ਮੰਤਰੀ ਬਣਨ ਨੂੰ ਪਹਿਲ ਦਿਤੀ। ਇਸ ਤਰ੍ਹਾਂ ਢੀਂਡਸਾ ਮੰਤਰੀ ਪਦ ਦੀ ਦੌੜ 'ਚੋਂ ਬਾਹਰ ਹੋ ਗਏ। ਜਿਥੋਂ ਤਕ ਦਿੱਲੀ 'ਚ ਬਣੇ ਸਿੱਖ ਬੁਧੀਜੀਵੀ ਗਰੁਪ ਦਾ ਸਬੰਧ ਹੈ, ਉਸ ਵਿਚ ਦੋ ਸਾਬਕਾ ਅਧਿਕਾਰੀ, ਇਕ ਪ੍ਰਮੁੱਖ ਮੀਡੀਆ ਕਰਮੀ, ਅਕਾਲੀ ਦਲ ਤੋਂ ਨਰਾਜ਼ ਹੋ ਕੇ ਵੱਖ ਹੋਏ ਦਿੱਲੀ ਦੇ ਪ੍ਰਮੁੱਖ ਸਿੱਖ ਨੇਤਾ ਅਤੇ ਕੁੱਝ ਹੋਰ ਨੇਤਾ ਵੀ ਸ਼ਾਮਲ ਹਨ। ਅਕਾਲੀ ਦਲ ਦੇ ਅੰਦਰੂਨੀ ਹਲਕੇ ਇਹ ਸਵੀਕਾਰ ਕਰਦੇ ਹਨ ਕਿ ਗਰੁਪ ਵਲੋਂ ਹੀ ਸੁਖਦੇਵ ਸਿੰਘ ਢੀਂਡਸਾ ਨੂੰ ਨਵਾਂ ਅਕਾਲੀ ਦਲ ਬਣਾਉਣ ਲਈ ਅੱਗੇ ਲਗਾਇਆ ਗਿਆ।
Sukhdev Singh Dhindsa
ਜਿਥੋਂ ਤਕ ਕਾਂਗਰਸ ਦਾ ਸਬੰਧ ਹੈ, ਕੋਈ ਵੀ ਸਿਆਸੀ ਪਾਰਟੀ ਅਪਣੇ ਵਿਰੋਧੀਆਂ ਨੂੰ ਢਾਹ ਲਾਉਣ ਦੀ ਤਾੜ 'ਚ ਰਹਿੰਦੀ ਹੈ। ਕੈਪਟਨ ਅਮਰਿੰਦਰ ਸਿੰਘ ਵੀ ਅਕਾਲੀ ਦਲ 'ਚ ਰਹੇ ਹਨ ਅਤੇ ਕਈ ਅਕਾਲੀ ਨੇਤਾਵਾਂ ਨਾਲ ਉਨ੍ਹਾਂ ਦੀ ਨੇੜਤਾ ਹੈ। ਸੁਖਦੇਵ ਸਿੰਘ ਢੀਂਡਸਾ ਨਾਲ ਵੀ ਉਨ੍ਹਾਂ ਦੇ ਸਬੰਧ ਚੰਗੇ ਹਨ। ਇਹ ਕੁਦਰਤੀ ਹੈ ਕਿ ਅਕਾਲੀ ਦਲ ਨੂੰ ਢਾਹ ਲਗਾਉਣ ਲਈ ਕਾਂਗਰਸ ਵੀ ਮੌਕੇ ਦਾ ਫ਼ਾਇਦਾ ਉਠਾਵੇਗੀ। ਅਕਾਲੀ ਦਲ ਵਲੋਂ ਕਾਂਗਰਸ ਉਪਰ ਦੋਸ਼ ਇਕ ਰਜਨੀਤਕ ਪੈਂਤੜੇਬਾਜ਼ੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।