250 ਤੋਂ ਵਧ ਪਾਜ਼ੇਟਿਵ ਮਾਮਲੇ ਆਏ
ਚੰਡੀਗੜ੍ਹ, 10 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਦੇ ਕਹਿਰ ਦੇ ਚਲਦੇ ਜਿਥੇ 4 ਹੋਰ ਮੌਤਾਂ ਹੋਈਆਂ ਹਨ, ਉਥੇ 250 ਤੋਂ ਵੱਧ ਹੋਰ ਨਵੇਂ ਪਾਜ਼ੇਟਿਵ ਮਾਮਲੇ 24 ਘੰਟਿਆਂ ਦੌਰਾਨ ਅੱਜ ਸ਼ਾਮ ਤਕ ਆਏ ਹਨ। ਪਾਜ਼ੇਟਿਵ ਕੇਸਾਂ ਦਾ ਕੁਲ ਅੰਕੜਾ 7400 ਦੇ ਨੇੜੇ ਪਹੁੰਚ ਚੁਕਾ ਹੈ ਅਤੇ ਮੌਤਾਂ ਦੀ ਗਿਣਤੀ 190 ਤਕ ਹੋ ਗਈ ਹੈ। ਲੁਧਿਆਣਾ ਅਤੇ ਜਲੰਧਰ ਵਿਚ ਲਗਾਤਾਰ ਕੋਰੋਨਾ ਬਲਾਸਟ ਹੋ ਰਹੇ ਹਨ। ਅੱਜ ਫਿਰ ਜਲੰਧਰ ਵਿਚ 61 ਅਤੇ ਲੁਧਿਆਣਾ ਵਿਚ 41 ਮਾਮਲੇ ਆਏ ਹਨ। ਪਟਿਆਲਾ ਅਤੇ ਮੋਹਾਲੀ ਜ਼ਿਲ੍ਹੇ ਵਿਚ 22-22 ਪਾਜ਼ੇਟਿਵ ਮਾਮਲੇ ਆਏ ਹਨ।
ਅੰਮ੍ਰਿਤਸਰ ਜ਼ਿਲ੍ਹੇ ਵਿਚ ਕੁੱਝ ਦਿਨਾਂ ਤੋਂ ਕੇਸਾਂ ਦੀ ਗਿਣਤੀ ਵਿਚ ਜ਼ਰੂਰ ਕੁੱਝ ਕਮੀ ਆਈ ਹੈ। ਸੂਬੇ ਵਿਚ ਹੁਣ ਤਕ ਕੁਲ 5017 ਮਰੀਜ਼ ਠੀਕ ਵੀ ਹੋਏ ਹਨ। 2153 ਮਰੀਜ਼ ਇਸ ਸਮੇਂ ਇਲਾਜ ਅਧੀਨ ਹਨ। ਇਨ੍ਹਾਂ ਵਿਚੋਂ ਗੰਭੀਰ ਹਾਲਤ ਵਾਲੇ ਮਰੀਜ਼ਾਂ ਵਿਚ 59 ਆਕਸੀਜਨ ਅਤੇ 9 ਵੈਂਟੀਲੇਟਰ 'ਤੇ ਹਨ। ਇਸ ਸਮੇਂ ਜ਼ਿਲ੍ਹਾ ਲੁਧਿਆਣਾ ਵਿਚ ਪਾਜ਼ੇਟਿਵ ਕੇਸਾਂ ਦਾ ਕੁਲ ਅੰਕੜਾ ਸੱਭ ਤੋਂ ਵੱਧ 1300 ਤਕ ਪਹੁੰਚ ਚੁਕਾ ਹੈ। ਜਲੰਧਰ ਵਿਚ ਇਹ ਅੰਕੜਾ 1110, ਅੰਮ੍ਰਿਤਸਰ ਵਿਚ 1021, ਸੰਗਰੂਰ 622 ਅਤੇ ਪਟਿਆਲਾ 508 ਹੈ।