
‘ਕਦੇ ਪੰਜਾਬ ਦੀ ਸਰਦਾਰੀ ਸੀ’
ਕਪਾਹ ਉਤਪਾਦਨ ਦੀ ਦੌੜ ’ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਬੁਰੀ ਤਰ੍ਹਾਂ ਪਛੜਿਆ
ਬਠਿੰਡਾ, 12 ਜੁਲਾਈ (ਬਲਵਿੰਦਰ ਸ਼ਰਮਾ) : ਕਿਸੇ ਸਮੇਂ ਹਰਿਆਣਾ ਤੇ ਰਾਜਸਥਾਨ ਤੋਂ ਤਿੰਨ-ਤਿੰਨ ਗੁਣਾ ਕਪਾਹ ਦਾ ਉਤਪਾਦਨ ਕਰਨ ਵਾਲਾ ਪੰਜਾਬ ਇਸ ਸਮੇਂ ਦੋਵੇਂ ਰਾਜਾਂ ਦੇ ਅੱਧ ਜਾਂ ਇਸ ਤੋਂ ਵੀ ਹੇਠਾਂ ਨਜ਼ਰ ਆ ਰਿਹਾ ਹੈ। ਬੀਜਾਂ ਦੀ ਕੁਆਲਿਟੀ ’ਚ ਸੁਧਾਰ ਆਇਆ ਤੇ ਉਤਪਾਦਨ ਵਧਿਆ, ਇਹ ਪ੍ਰਕਿਰਿਆ ਤਿੰਨੇ ਰਾਜਾਂ ਲਈ ਬਰਾਬਰ ਹੀ ਸੀ। ਕਪਾਹ ਉਤਪਾਦਨ ’ਚ ਸਰਦਾਰੀ ਕਰਨ ਵਾਲਾ ਪੰਜਾਬ ਸਾਲ 2020-21 ’ਚ ਉੱਤਰ ਭਾਰਤ ਦੀ ਕੁੱਲ ਖਪਤ ’ਚ ਅਪਣੀ ਹਿੱਸੇਦਾਰੀ ਕਰੀਬ 10 ਫ਼ੀ ਸਦੀ ਹੀ ਪਾ ਸਕੇਗਾ। ਪੰਜਾਬ ਦਾ ਇਸ ਤਰ੍ਹਾਂ ਪਛੜਨਾ ਚਿੰਤਾ ਦਾ ਵਿਸ਼ਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਦੀਆਂ ਤੋਂ ਹੀ ਖੇਤੀ ਪ੍ਰਧਾਨ ਸੂਬਾ ਰਿਹਾ ਹੈ, ਜਦਕਿ ਹਰਿਆਣਾ ਤੇ ਰਾਜਥਾਨ ਹਮੇਸ਼ਾ ਹੀ ਪੰਜਾਬ ਤੋਂ ਪਛੜੇ ਰਹੇ ਹਨ। ਅੰਕੜੇ ਦਸਦੇ ਹਨ ਕਿ ਸਾਲ 1972-73 ’ਚ ਪੰਜਾਬ ਦਾ ਕਪਾਹ ਉਤਪਾਦਨ 9.48 ਲੱਖ ਗੱਠਾਂ ਸੀ, ਜਦਕਿ ਇਸੇ ਸਾਲ ਹਰਿਆਣਾ ’ਚ 3.91 ਲੱਖ ਤੇ ਰਾਜਸਥਾਨ ’ਚ 3.11 ਲੱਖ ਗੱਠਾਂ ਦਾ ਉਤਪਾਦਨ ਹੋਇਆ। ਸਾਲ 90-91 ’ਚ ਪੰਜਾਬ 17.85 ਲੱਖ ਗੱਠਾਂ, ਹਰਿਆਣਾ 11.68 ਲੱਖ ਅਤੇ ਰਾਜਸਥਾਨ 8.79 ਲੱਖ ਗੱਠਾਂ ਤੱਕ ਪਹੁੰਚ ਗਿਆ। ਸਾਲ 2006-7 ’ਚ ਪੰਜਾਬ ਦਾ ਉਤਪਾਦਨ ਵਧ ਕੇ 25 ਲੱਖ ਗੱਠਾਂ ਹੋ ਚੁੱਕਾ ਸੀ, ਪਰ ਹਰਿਆਣਾ ਵੀ ਘੱਟ ਨਹੀਂ ਸੀ, ਉਹ ਵੀ 17 ਲੱਖ ਗੱਠਾਂ ਤਕ ਪਹੁੰਚਿਆ, ਪਰ ਰਾਜਸਥਾਨ ਇਸ ਸਾਲ 7.5 ਲੱਖ ਗੱਠਾਂ ਹੀ ਸੀ। ਸਾਲ 13-14 ’ਚ ਪੰਜਾਬ ਦਾ ਉਤਪਾਦਨ ਘਟ ਕੇ 13.48 ਲੱਖ ਗੱਠਾਂ, ਹਰਿਆਣਾ ਤੇ ਰਾਜਸਥਾਨ ਵਧ ਕੇ ਕ੍ਰਮਵਾਰ 23.28 ਲੱਖ ਅਤੇ 13.29 ਲੱਖ ਗੱਠਾਂ ਤਕ ਪਹੁੰਚ ਚੁੱਕੇ ਸਨ।
20-21 ’ਚ ਉਤਪਾਦਨ ਵਧੇਗਾ, ਪਰ ਹਰਿਆਣਾ ਤੇ ਰਾਜਸਥਾਨ ਕਾਫੀ ਅੱਗੇ : ਹੁਣ ਬੀਤੇ ਵਰ੍ਹੇ 19-20 ’ਚ ਪੰਜਾਬ ’ਚ ਕਪਾਹ ਹੇਠ ਰਕਬਾ 2.51 ਲੱਖ ਹੈਕਟੇਅਰ ਰਿਹਾ, ਜਿਥੋਂ ਉਤਪਾਦਨ 10.15 ਲੱਖ ਗੱਠਾਂ ਹੋਇਆ। ਪਿਛਲੇ ਸਾਲ ਐਮ.ਐਸ.ਪੀ. 5725 ਸੀ। ਇਸ ਸਾਲ 20-21 ’ਚ ਐਮ.ਐਸ.ਪੀ. ਵਧ ਕੇ 5925 ਹੋਈ ਤਾਂ ਕਪਾਹ ਹੇਠ ਰਕਬਾ ਵੀ ਵਧ ਕੇ 3.03 ਲੱਖ ਹੈਕਟੇਅਰ ਹੋ ਗਿਆ। ਇਸ ਲਈ ਇਸ ਵਰ੍ਹੇ ਕਪਾਹ ਉਤਪਾਦਨ 12 ਲੱਖ ਗੱਠਾਂ ਤਕ ਪਹੁੰਚਣ ਦੀ ਸੰਭਾਵਨਾ ਹੈ। ਦੂਜੇ ਪਾਸੇ 19-20 ’ਚ ਹਰਿਆਣਾ ਨੇ ਕਪਾਹ ਹੇਠ 7.25 ਲੱਖ ਹੈੈਕਟੇਅਰ ਰਕਬਾ ਦਿਤਾ ਤੇ 23 ਲੱਖ ਗੱਠਾਂ ਉਤਪਾਦਨ ਲਿਆ। ਜਦਕਿ ਰਾਜਸਥਾਨ ਨੇ ਕਪਾਹ ਨੂੰ 6.87 ਲੱਖ ਹੈਕਟੇਅਰ ਰਕਬਾ ਦੇ ਕੇ 31.40 ਲੱਖ ਗੱਠਾਂ ਉਤਪਾਦਨ ਹਾਸਲ ਕੀਤਾ ਸੀ। ਚਾਲੂ ਵਰ੍ਹੇ 20-21 ਵਿਚ ਵੀ ਹਰਿਆਣਾ ਤੇ ਰਾਜਸਥਾਨ ’ਚ ਕ੍ਰਮਵਾਰ ਕਰੀਬ 24 ਲੱਖ ਤੇ 28 ਲੱਖ ਗੱਠਾਂ ਕਪਾਹ ਉਤਪਾਦਨ ਦੀ ਸੰਭਾਵਨਾ ਹੈ। ਜੋ ਕਿ ਪੰਜਾਬ ਨਾਲੋਂ ਦੁੱਗਣੀ ਤੇ ਢਾਈ ਗੁਣਾ ਹੈ।
ਉੱਤਰ ਭਾਰਤ ਦੀ ਖਪਤ ’ਚ ਪੰਜਾਬ ਦਾ ਹਿੱਸਾ ਮਾਤਰ 10 ਫ਼ੀ ਸਦੀ : ਉੱਤਰ ਭਾਤਰ ਵਿਚ ਕਪਾਹ ਦੀ ਖਪਤ ਕਰੀਬ 1 ਕਰੋੜ ਗੱਠਾਂ ਹਨ। ਜਿਸ ਵਿਚ 20-21 ’ਚ ਪੰਜਾਬ ਵਲੋਂ 12 ਲੱਖ ਗੱਠਾਂ ਦੇਣ ਦੀ ਸੰਭਾਵਨਾ ਹੈ, ਜੋ 10 ਪ੍ਰਤੀਸ਼ਤ ਆਸਪਾਸ ਹੀ ਹੈ। ਇਸੇ ਤਰ੍ਹਾਂ ਹਰਿਆਣਾ 24 ਲੱਖ ਤੇ ਰਾਜਸਥਾਨ 27 ਲੱਖ ਗੱਠਾਂ ਦਾ ਯੋਗਦਾਨ ਦੇਵੇਗਾ। ਤਿੰਨੇ ਰਾਜਾਂ ਦਾ ਉਤਪਾਦਨ ਕਰੀਬ 60 ਪ੍ਰਤੀਸ਼ਤ ਰਹੇਗਾ। ਬਾਕੀ 40 ਪ੍ਰਤੀਸ਼ਤ ਹਿੱਸੇਦਾਰੀ ਹਮੇਸ਼ਾਂ ਵਾਂਗ ਗੁਜਰਾਤ ਅਤੇ ਮੱਧ ਪ੍ਰਦੇਸ਼ ਦੀ ਰਹੇਗੀ।
ਫੋਟੋ : 12ਬੀਟੀਡੀ5
ਖੇਤ ’ਚ ਖਿੜਿਆ ਹੋਇਆ ਨਰਮਾ (ਫਾਇਲ ਫੋਟੋ) - ਇਕਬਾਲ