
ਬਜ਼ੁਰਗ ਦਾਦਾ-ਦਾਦੀ ਦਾ ਇਕਲੌਤਾ ਸਹਾਰਾ ਸੀ ਮ੍ਰਿਤਕ
ਮਾਛੀਵਾੜਾ ਸਾਹਿਬ : ਨੇੜਲੇ ਪਿੰਡ ਮਾਣੇਵਾਲ ਵਿਖੇ ਬੁੱਢੇ ਦਰਿਆ ਵਿਚ ਆਏ ਹੜ੍ਹ ਦੇ ਪਾਣੀ ਵਿਚ ਰੁੜ੍ਹੇ ਨਾਬਾਲਗ ਲੜਕੇ ਸੁਖਪ੍ਰੀਤ ਸੁੱਖੀ (16) ਦੀ ਅੱਜ ਲਾਸ਼ ਕੁਝ ਹੀ ਦੂਰੀ ’ਤੇ ਖੇਤਾਂ ਵਿਚੋਂ ਮਿਲ ਗਈ। ਜਿਸ ਕਾਰਨ ਉਸ ਦਾ ਪਾਲਣ-ਪੋਸਣ ਕਰਨ ਵਾਲੇ ਬਜ਼ੁਰਗ ਦਾਦਾ-ਦਾਦੀ ’ਤੇ ਦੁੱਖਾਂ ਦਾ ਕਹਿਰ ਟੁੱਟ ਗਿਆ।
ਲੰਘੀ 10 ਜੁਲਾਈ ਨੂੰ ਸੁਖਪ੍ਰੀਤ ਮੋਟਰਸਾਈਕਲ ’ਤੇ ਬੁੱਢੇ ਦਰਿਆ ਨੇੜੇ ਓਵਰਫਲੋਅ ਹੋ ਕੇ ਸੜਕ ਤੋਂ ਗੁਜ਼ਰ ਰਹੇ ਪਾਣੀ ’ਚੋਂ ਲੰਘ ਰਿਹਾ ਜਿਸ ਕਾਰਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਪੈਨ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਬੇਸ਼ੱਕ ਉਸ ਸਮੇਂ ਗੋਤਾਖੋਰਾਂ ਵਲੋਂ ਵੀ ਉਸ ਦੀ ਭਾਲ ਕੀਤੀ ਗਈ ਪਰ ਕੁੱਝ ਪਤਾ ਨਾ ਲੱਗਿਆ। ਅੱਜ ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਨੇ ਦਸਿਆ ਕਿ ਅੱਜ ਜਦੋਂ ਖੇਤਾਂ ਵਿਚ ਪਾਣੀ ਦਾ ਪੱਧਰ ਘਟਿਆ ਤਾਂ ਇਕ ਵਿਅਕਤੀ ਨੇ ਇਸ ਲੜਕੇ ਦੀ ਲਾਸ਼ ਦੇਖੀ ਜਿਸ ’ਤੇ ਤੁਰਤ ਉਸ ਨੂੰ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ: ਹੜ੍ਹ ਪ੍ਰਭਾਵਤ ਇਲਾਕੇ ਦਾ ਦੌਰਾ ਕਰਨ ਗਏ ਵਿਧਾਇਕ ਨੂੰ ਮਹਿਲਾ ਨੇ ਮਾਰਿਆ ਥੱਪੜ
ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਜਿਨ੍ਹਾਂ ਲਾਸ਼ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿਤੀ ਹੈ। ਮ੍ਰਿਤਕ ਪੋਤੇ ਦੀ ਲਾਸ਼ ਦੇਖ ਕੇ ਉਸ ਦਾ ਦਾਦਾ ਚਰਨ ਦਾਸ ਅਤੇ ਦਾਦੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੋਵੇਂ ਬਜ਼ੁਰਗ ਉਸ ਮਾੜੇ ਵਕਤ ਨੂੰ ਕੋਸ ਰਹੇ ਸਨ ਕਿ ਉਨ੍ਹਾਂ ਦਾ ਪੋਤਾ ਤੇਜ਼ ਵਹਾਅ ਵਾਲੇ ਪਾਣੀ ਵਿਚ ਕਿਉਂ ਜਾ ਵੜਿਆ।
ਦਾਦਾ ਚਰਨ ਦਾਸ ਨੇ ਦਸਿਆ ਕਿ ਉਸਦੇ ਪੋਤੇ ਸੁਖਪ੍ਰੀਤ ਸੁਖੀ ਦੇ ਪਿਤਾ ਦੀ 4 ਮਹੀਨੇ ਪਹਿਲਾਂ ਮੌਤ ਹੋਈ ਹੈ ਅਤੇ ਉਹ ਅਜੇ ਇਸ ਗਮ ’ਚੋਂ ਉੱਭਰੇ ਨਹੀਂ ਸਨ ਕਿ ਹੁਣ ਉਨ੍ਹਾਂ ਦਾ ਆਖਰੀ ਸਹਾਰਾ ਵੀ ਵਿਛੜ ਗਿਆ। ਚਰਨ ਦਾਸ ਨੇ ਦਸਿਆ ਕਿ ਪੋਤਾ ਸੁਖਪ੍ਰੀਤ ਮਾਛੀਵਾੜਾ ਵਿਖੇ ਦੁਕਾਨ ’ਤੇ ਨੌਕਰੀ ਕਰਦਾ ਸੀ ਜਿਸ ਨਾਲ ਪ੍ਰਵਾਰ ਦਾ ਗੁਜ਼ਾਰਾ ਚੱਲਦਾ ਸੀ ਪਰ ਉਸ ਦੀ ਮੌਤ ਨਾਲ ਸਭ ਕੁੱਝ ਖ਼ਤਮ ਹੋ ਗਿਆ ਹੈ।
ਬਜ਼ੁਰਗ ਨੇ ਕਿਹਾ ਕਿ ਉਸ ਨੂੰ ਪ੍ਰਮਾਤਮਾ ਅਤੇ ਸਰਕਾਰ ’ਤੇ ਭਰੋਸਾ ਹੈ ਕਿ ਇਸ ਔਖੀ ਘੜੀ ਵਿਚ ਉਨ੍ਹਾਂ ਦੀ ਸੰਭਵ ਮਦਦ ਕਰਨਗੇ। ਮ੍ਰਿਤਕ ਸੁਖਪ੍ਰੀਤ ਸੁਖੀ 2 ਭੈਣਾਂ ਦਾ ਇਕਲੌਤਾ ਭਰਾ ਸੀ ਜਦਕਿ ਇਕ ਭੈਣ ਉਸ ਕੋਲ ਅਤੇ ਦੂਜੀ ਮਾਤਾ ਨਾਲ ਰਹਿੰਦੀ ਹੈ ਜੋ ਕਿ ਪ੍ਰਵਾਰ ਤੋਂ ਅਲੱਗ ਸਨ।