
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਪੀ.ਡਬਲਯੂ.ਡੀ ਵਿਭਾਗ ਸੱਤ ਕਰੋੜ ਰੁਪਏ ਦੇ ਅਨੁਮਾਨਤ ਖਰਚੇ ਨਾਲ ਕੁਆਲਟੀ ਕੰਟਰੋਲ ਢਾਂਚੇ.............
ਪਟਿਆਲਾ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਪੀ.ਡਬਲਯੂ.ਡੀ ਵਿਭਾਗ ਸੱਤ ਕਰੋੜ ਰੁਪਏ ਦੇ ਅਨੁਮਾਨਤ ਖਰਚੇ ਨਾਲ ਕੁਆਲਟੀ ਕੰਟਰੋਲ ਢਾਂਚੇ ਦਾ ਨਵੀਨੀਕਰਨ ਕਰ ਰਿਹਾ ਹੈ। ਮਿਆਰੀ ਬੁਨਿਆਦੀ ਢਾਂਚਾ ਯਕੀਨੀ ਬਣਾਉਣ ਲਈ ਆਧੁਨਿਕ ਉਪਕਰਨ ਮੁਹੱਈਆ ਕਰਨ ਉਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਮੰਤਵ ਦੀ ਪੂਰਤੀ ਲਈ ਲਾਜ਼ਮੀ ਹੈ ਕਿ ਵਧੀਆ ਬੁਨਿਆਦੀ ਢਾਂਚਾ ਕਾਇਮ ਕਰਨ ਲਈ ਮਜ਼ਬੂਤ ਕੁਆਲਟੀ ਕੰਟਰੋਲ ਪ੍ਰਣਾਲੀ ਹੋਵੇ।
ਉਨ੍ਹਾਂ ਕਿਹਾ ਕਿ ਸਬੰਧਤ ਪ੍ਰਾਜੈਕਟ ਦੇ ਮਾਪਦੰਡਾਂ ਦੇ ਅਨੁਕੂਲ ਨਿਰਮਾਣ ਯਕੀਨੀ ਬਣਾਉਣ ਲਈ ਇਮਾਰਤੀ ਮਟੀਰੀਅਲ ਦੇ ਨਿਰਮਾਣ ਤੋਂ ਪਹਿਲਾਂ ਦੇ ਪੜਾਅ ਤੋਂ ਲੈ
ਕੇ ਨਿਰਮਾਣ ਮਗਰੋਂ ਤੱਕ ਡੂੰਘਾਈ ਨਾਲ ਪ੍ਰੀਖਣਾਂ ਦੀ ਲੋੜ ਹੈ। ਬਦਲਦੀ ਤਕਨਾਲੋਜੀ ਅਤੇ ਨਵੇਂ ਮਟੀਰੀਅਲਾਂ ਨੂੰ ਧਿਆਨ ਵਿੱਚ ਰੱਖਦਿਆਂ ਖੋਜ ਲੈਬਾਰਟਰੀ, ਪਟਿਆਲਾ ਵਿਚ ਕੁਆਲਟੀ ਕੰਟਰੋਲ ਢਾਂਚੇ ਦਾ ਨਵੀਨੀਕਰਨ ਕੀਤਾ ਗਿਆ ਹੈ। ਪਹਿਲੇ ਪੜਾਅ ਵਿੱਚ 2.82 ਕਰੋੜ ਰੁਪਏ ਦੇ ਕੁੱਲ ਖ਼ਰਚ ਨਾਲ ਆਧੁਨਿਕ ਕੁਆਲਟੀ ਕੰਟਰੋਲ ਉਪਕਰਨਾਂ ਦੀ ਖ਼ਰੀਦ ਨੂੰ ਮਨਜ਼ੂਰੀ ਦੇਣ ਦੀ ਗੱਲ ਆਖਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਫੀਲਡ ਵਿੱਚ ਟੈਸਟਾਂ ਵਾਸਤੇ ਮੋਬਾਈਲ ਟੈਸਟਿੰਗ ਵੈਨ ਲਾਈ ਗਈ ਹੈ। ਲੈਬਾਰਟਰੀਆਂ ਦੇ ਨਵੀਨੀਕਰਨ ਨਾਲ ਇਨ੍ਹਾਂ ਵਿੱਚ 34 ਵੱਖ ਵੱਖ ਤਰ੍ਹਾਂ ਦੇ ਟੈਸਟ ਪਹਿਲਾਂ ਹੀ ਕੀਤੇ ਜਾ ਰਹੇ ਹਨ।
ਦੂਜੇ ਪੜਾਅ ਵਿੱਚ ਚਾਰ ਕਰੋੜ ਰੁਪਏ ਦੀ ਵਾਧੂ ਲਾਗਤ ਆਧੁਨਿਕ ਕੌਮਾਂਤਰੀ ਮਾਪਦੰਡਾਂ ਨਾਲ ਕੁਆਲਟੀ ਕੰਟਰੋਲ ਬਾਰੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਕਿ ਪੰਜਾਬ ਵਿੱਚ ਬੁਨਿਆਦੀ ਢਾਂਚੇ ਨਾਲ ਸਬੰਧਤ ਸਾਰੇ ਚੱਲ ਰਹੇ ਕੰਮਾਂ ਦੀ ਬਾਕਾਇਦਾ ਤੇ ਸੰਜੀਦਗੀ ਨਾਲ ਜਾਂਚ ਯਕੀਨੀ ਬਣਾਈ ਜਾ ਸਕੇ।
ਇਸ ਬਾਰੇ ਸਾਰੇ ਮੁੱਖ ਇੰਜਨੀਅਰਾਂ/ਸੁਪਰਟੈਂਡਿੰਗ ਇੰਜਨੀਅਰਾਂ ਅਤੇ ਫੀਲਡ ਸਟਾਫ਼ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਹੋਰ ਪ੍ਰਾਈਵੇਟ ਲੈਬਾਰਟਰੀਆਂ/ਸੰਸਥਾਵਾਂ ਤੋਂ ਮੌਜੂਦਾ ਸਮੇਂ ਕਰਵਾਏ ਜਾ ਰਹੇ ਸਾਰੇ ਟੈਸਟ ਹੁਣ ਰਿਸਰਚ ਲੈਬਾਰਟਰੀ, ਪਟਿਆਲਾ ਵਿੱਚ ਹੋਣੇ ਚਾਹੀਦੇ ਹਨ, ਜਿਸ ਨਾਲ ਪ੍ਰਾਈਵੇਟ ਲੈਬਾਰਟਰੀਆਂ ਨੂੰ ਅਦਾ ਕੀਤੀ ਜਾਣ ਵਾਲੀ ਮੋਟੀ ਰਕਮ ਬਚੇਗੀ।