
ਵਿਧਾਨ ਸਭਾ ਹਲਕਾ ਸੰਗਰੂਰ ਦੇ ਖਿਡਾਰੀਆਂ ਨੂੰ ਸਰਵੋਤਮ ਤੇ ਅਤਿ ਆਧੁਨਿਕ ਖੇਡ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੰਗਰੂਰ ਅਤੇ ਭਵਾਨੀਗੜ੍ਹ.............
ਸੰਗਰੂਰ, : ਵਿਧਾਨ ਸਭਾ ਹਲਕਾ ਸੰਗਰੂਰ ਦੇ ਖਿਡਾਰੀਆਂ ਨੂੰ ਸਰਵੋਤਮ ਤੇ ਅਤਿ ਆਧੁਨਿਕ ਖੇਡ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੰਗਰੂਰ ਅਤੇ ਭਵਾਨੀਗੜ੍ਹ ਦੇ ਖੇਡ ਸਟੇਡੀਅਮਾਂ ਦੀ ਨੁਹਾਰ ਨੂੰ ਸੰਵਾਰਿਆ ਜਾ ਰਿਹਾ ਹੈ ਤਾਂ ਜੋ ਸਾਡੇ ਖਿਡਾਰੀ ਅਪਣੀ ਪ੍ਰਤਿਭਾ ਦੇ ਸਦਕਾ ਵੱਡੀਆਂ ਖੇਡ ਪ੍ਰਾਪਤੀਆਂ ਹਾਸਲ ਕਰਨ ਦੇ ਸਮਰੱਥ ਬਣ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਵਾਰ ਹੀਰੋਜ਼ ਸਟੇਡੀਅਮ ਦੇ ਤੈਰਾਕੀ ਪੂਲ ਵਿਖੇ ਅੱਜ ਸ਼ੁਰੂ ਹੋਏ ਦੂਜੇ ਸਟੇਟ ਸਵੀਮਿੰਗ ਅਤੇ ਵਾਟਰ ਪੋਲੋ ਟੂਰਨਾਮੈਂਟ ਦਾ ਉਦਘਾਟਨ ਕਰਨ ਮਗਰੋਂ ਕੀਤਾ।
ਸ੍ਰੀ ਸਿੰਗਲਾ ਨੇ ਕਿਹਾ ਕਿ ਖੇਡਾਂ ਦੇ ਖੇਤਰ 'ਚ ਸੰਗਰੂਰ ਨੂੰ ਮੋਹਰੀ ਬਣਾਉਣ ਲਈ ਪਹਿਲਾਂ ਲਗਭਗ 7 ਕਰੋੜ ਰੁਪਏ ਦੀ ਲਾਗਤ ਨਾਲ ਐਥਲੈਟਿਕਸ ਟਰੈਕ ਬਣਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿਖੇ 8 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਮਲਟੀਪਰਪਜ਼ ਕੰਪਲੈਕਸ ਦੀ ਉਸਾਰੀ ਦਾ ਕੰਮ ਅਗਲੇ ਹਫ਼ਤੇ ਵਿੱਚ ਆਰੰਭ ਹੋ ਜਾਵੇਗਾ ਅਤੇ ਇਸ ਇਮਾਰਤ ਦੇ ਮੁਕੰਮਲ ਹੋਣ ਨਾਲ 10 ਤੋਂ 12 ਇਨਡੋਰ ਖੇਡਾਂ ਸ਼ੁਰੂ ਹੋ ਜਾਣਗੀਆਂ। ਸ੍ਰੀ ਸਿੰਗਲਾ ਨੇ ਕਿਹਾ ਕਿ ਸੰਗਰੂਰ ਵਿਖੇ ਰਾਸ਼ਟਰੀ ਅਤੇ ਉੱਤਰੀ ਜ਼ੋਨ ਪੱਧਰ 'ਤੇ ਹੋਣ ਵਾਲੇ ਤੈਰਾਕੀ ਮੁਕਾਬਲਿਆਂ ਨੂੰ ਧਿਆਨ 'ਚ ਰੱਖ ਕੇ ਤੈਰਾਕੀ ਦੇ ਖਿਡਾਰੀਆਂ ਦੀ ਸਹੂਲਤ ਲਈ ਆਉਂਦੇ 6 ਮਹੀਨੇ ਅੰਦਰ ਪੂਲ
ਨੂੰ ਕਵਰ ਕਰਨ ਲਈ ਰਬੜ ਦਾ ਮੈਟ ਅਤੇ ਵਾਟਰ ਫਿਲਟਰੇਸ਼ਨ ਪਲਾਂਟ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਟਰੇਸ਼ਨ ਪਲਾਂਟ ਲੱਗਣ ਨਾਲ ਤੈਰਾਕੀ ਖਿਡਾਰੀਆਂ ਦੀ ਗਤੀ ਵਧੀਆ ਹੋਵੇਗੀ ਅਤੇ ਪਾਣੀ ਸਾਫ਼ ਰਹਿਣ ਨਾਲ ਸਿਹਤ ਪੱਖੋਂ ਕੋਈ ਦਿੱਕਤ ਪੇਸ਼ ਨਹੀਂ ਆਵੇਗੀ। ਸ੍ਰੀ ਸਿੰਗਲਾ ਨੇ ਤੈਰਾਕੀ 'ਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮਬਾਰਕਬਾਦ ਦਿਤੀ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿਚ ਖੇਡ ਮੰਤਰੀ ਪੰਜਾਬ ਸ੍ਰੀ ਰਾਣਾ ਸੋਢੀ ਅਤੇ ਡਾਇਰੈਕਟਰ ਖੇਡਾਂ ਪੰਜਾਬ ਸ੍ਰੀ ਰਾਹੁਲ ਗੁਪਤਾ ਵਲੋਂ ਰਾਜ ਦੇ ਖਿਡਾਰੀਆਂ ਦੀ ਸਹੂਲਤ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਤੈਰਾਕੀ ਮੁਕਾਬਲਿਆਂ ਤੋਂ ਪਹਿਲਾਂ ਫਿਲਟਰੇਸ਼ਨ ਪਲਾਂਟ ਅਤੇ ਮਲਟੀਪਰਪਜ਼ ਕੰਪਲੈਕਸ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਡਾਇਰੈਕਟਰ ਖੇਡਾਂ ਪੰਜਾਬ ਰਾਹੁਲ ਗੁਪਤਾ, ਸਹਾਇਕ ਡਾਇਰੈਕਟਰ ਖੇਡਾਂ ਕਰਤਾਰ ਸਿੰਘ, ਐਨ.ਆਰ.ਆਈ. ਪ੍ਰੀਤਇੰਦਰ ਸ਼ਰਮਾ, ਸੁਖਪਾਲ ਸਿੰਘ ਪ੍ਰਧਾਨ ਸਵੀਮਿੰਗ ਸਪੋਰਟਸ ਐਂਡ ਵੈਲਫੇਅਰ ਕਲੱਬ, ਸੈਕਟਰੀ ਰਣਜੀਤ ਸਿੰਘ, ਜ਼ਿਲ੍ਹਾ ਖੇਡ ਅਧਿਕਾਰੀ ਯੋਗਰਾਜ, ਤੈਰਾਕੀ ਕੋਚ ਬਲਬੀਰ ਸਿੰਘ, ਸਕੱਤਰ ਤੈਰਾਕੀ ਐਸੋਸੀਏਸ਼ਨ ਅਮਰਜੀਤ ਸਿੰਘ ਅਤੇ ਹੋਰ ਕੋਚ ਵੀ ਹਾਜ਼ਰ ਸਨ।