
ਮੁਕੇਰੀਆਂ 'ਚ ਪ੍ਰਦਰਸ਼ਨਕਾਰੀਆਂ-ਦੁਕਾਨਦਾਰਾਂ ਦੀ ਹਿੰਸਕ ਝੜਪ, ਅੱਧੀ ਦਰਜਨ ਲੋਕ ਜ਼ਖ਼ਮੀ
ਚੰਡੀਗੜ੍ਹ : ਦਿੱਲੀ ਦੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਤੋੜੇ ਜਾਣ ਦੇ ਵਿਰੋਧ 'ਚ ਪੰਜਾਬ 'ਚ ਕੀਤੇ ਗਏ ਬੰਦ ਦੇ ਐਲਾਨ ਤੋਂ ਬਾਅਦ ਕਈ ਸ਼ਹਿਰਾਂ 'ਚ ਇਸ ਦਾ ਮੁਕੰਮਲ ਅਸਰ ਵੇਖਣ ਨੂੰ ਮਿਲਿਆ। ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਪੰਜਾਬ ਬੰਦ ਦਾ ਸਭ ਤੋਂ ਜ਼ਿਆਦਾ ਅਸਰ ਜਲੰਧਰ, ਲੁਧਿਆਣਾ, ਕਪੂਰਥਲਾ, ਸਮਾਨਾ ਅਤੇ ਫਾਜ਼ਿਲਕਾ 'ਚ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਕਪੂਰਥਲਾ 'ਚ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਰਹੇ। ਬਰਨਾਲਾ, ਫ਼ਾਜ਼ਿਲਕਾ, ਹੁਸ਼ਿਆਰਪੁਰ 'ਚ ਵੀ ਬਾਜ਼ਾਰ, ਸਕੂਲ ਅਤੇ ਕਾਲਜ ਬੰਦ ਰਹੇ। ਕਈ ਥਾਵਾਂ 'ਤੇ ਹਲਕੀ ਬਾਰਸ਼ ਦੇ ਬਾਵਜੂਦ ਲੋਕਾਂ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ।
Punjab Bandh: Complete Shutdown in most all district
ਸੁਲਤਾਨਪੁਰ ਲੋਧੀ ਦੇ ਤਲਵੰਡੀ ਪੁਲ ਚੌਕ ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ ਗਿਆ। ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਕਰਵਾਏ ਗਏ। ਮੌਕੇ 'ਤੇ ਭਾਰੀ ਗਿਣਤੀ 'ਚ ਪੁਲਿਸ ਫੋਰਸ ਲਗਾਉਣ ਕਰ ਕੇ ਦੁਕਾਨਦਾਰਾਂ ਨੇ ਕੁਝ ਸਮੇਂ ਬਾਅਦ ਹੀ ਬਾਜ਼ਾਰ ਖੋਲ੍ਹ ਲਏ। ਭਾਰੀ ਬਾਰਿਸ਼ ਦੇ ਬਾਵਜੂਦ ਰਵਿਦਾਸ ਭਾਈਚਾਰੇ ਵਲੋਂ ਸੜਕਾਂ 'ਤੇ ਉਤਰ ਕੇ ਜਲੰਧਰ-ਅੰਮ੍ਰਿਤਸਰ ਹਾਈਵੇਅ, ਹੁਸ਼ਿਆਰਪੁਰ ਹਾਈਵੇਅ, ਦਿੱਲੀ-ਜਲੰਧਰ ਹਾਈਵੇਅ ਸਮੇਤ ਮਕਸੂਦਾਂ ਦੇ ਸ੍ਰੀ ਗੁਰੂ ਰਵਿਦਾਸ ਨਗਰ ਮੁਹੱਲਾ, ਅੰਗਦ ਨਗਰ, ਬੋਹੜ ਵਾਲਾ ਮੁਹੱਲਾ, ਨਾਗਰਾ ਪਿੰਡ, ਲਿੱਦੜਾ ਪਿੰਡ, ਲੁੱਸੀ ਪਿੰਡ, ਵਿੱਧੀਪੁਰ ਪਿੰਡ, ਮੁਹੱਲਾ ਕੁਲੀਆ, ਗੁਰਬਚਨ ਨਗਰ, ਆਦਮਪੁਰ, ਭੋਗਪੁਰ, ਪਠਾਨਕੋਟ ਬਾਈਪਾਸ, ਬੂਟਾ ਮੰਡੀ ਸਮੇਤ ਜਲੰਧਰ 'ਚ ਆਦਿ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਕਰਤਾਰਪੁਰ ਵੱਲ ਜਾਂਦੀ ਸੜਕ 'ਤੇ ਵੀ ਭਾਰੀ ਰੋਸ ਪ੍ਰਦਰਸ਼ਨ ਜਾਰੀ ਹੈ।
Punjab Bandh: Complete Shutdown in most all district
ਨਵਾਂਸ਼ਹਿਰ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਮੋਦੀ ਸਰਕਾਰ ਅਤੇ ਦਿੱਲੀ ਸਰਕਾਰ ਵਿਰੁਧ ਜਮ ਕੇ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਇਥੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਰਵਿਦਾਸ ਭਾਈਚਾਰੇ ਦੇ ਲੋਕ ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਵਪਾਰ ਮੰਡਲ ਅਤੇ ਰਵਿਦਾਸ ਭਾਈਚਾਰੇ ਦੇ ਲੋਕ ਆਹਮੋ-ਸਾਹਮਣੇ ਹੋ ਗਏ। ਪ੍ਰਦਰਸ਼ਨਕਾਰੀ ਜ਼ਬਰਦਸਤੀ ਦੁਕਾਨਾਂ ਬੰਦ ਕਰਵਾ ਰਹੇ ਸਨ। ਇਸ ਦੇ ਵਿਰੋਧ 'ਚ ਦੁਕਾਨਦਾਰ ਅਤੇ ਰਵਿਦਾਸ ਭਾਈਚਾਰੇ ਦੇ ਲੋਕ ਆਪਸ 'ਚ ਆਹਮੋ-ਸਾਹਮਣੇ ਹੋ ਗਏ। ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
Punjab Bandh: Complete Shutdown in most all district
ਫਗਵਾੜਾ 'ਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਖੰਡ ਮਿੱਲ ਚੌਂਕ ਵਿਖੇ ਧਰਨਾ ਦਿੱਤਾ ਗਿਆ। ਇਸ ਦੌਰਾਨ ਰਵਿਦਾਸ ਭਾਈਚਾਰੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਵੀ ਸਾੜਿਆ ਗਿਆ। ਬੰਦ ਨੂੰ ਧਿਆਨ 'ਚ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।
Punjab Bandh: Complete Shutdown in most all district
ਜਲੰਧਰ 'ਚ ਰਵਿਦਾਸ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰ ਸੰਤੋਖ ਚੌਧਰੀ ਵੀ ਧਰਨੇ 'ਚ ਸ਼ਾਮਲ ਰਹੇ। ਉਥੇ ਹੀ ਵਡਾਲਾ ਚੌਕ ਦੇ ਕੋਲ ਲਗਾਏ ਗਏ ਧਰਨੇ 'ਚ ਵਿਧਾਇਕ ਪਰਗਟ ਸਿੰਘ, ਕੌਂਸਲਰ ਹਰਚਰਨ ਕੌਰ ਹੈੱਪੀ ਸ਼ਾਮਲ ਰਹੇ। ਰਵਿਦਾਸ ਭਾਈਚਾਰੇ ਵੱਲੋਂ ਦਿੱਤੇ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਧਿਆਨ 'ਚ ਰੱਖਦੇ ਹੋਏ ਸੁਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਚੱਪੇ-ਚੱਪੇ 'ਤੇ ਭਾਰੀ ਗਿਣਤੀ 'ਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ।
Punjab Bandh: Complete Shutdown in most all district
ਤਲਵੰਡੀ ਸਾਬੋ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਪਾਰਟੀ ਵਲੋਂ ਖਾਲਸਾ ਚੌਕ 'ਚ ਵੀ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰਨ ਤੋਂ ਬਾਅਦ ਉਕਤ ਲੋਕ ਚੌਕ 'ਚ ਧਰਨਾ ਲਗਾ ਕੇ ਬੈਠ ਗਏ, ਜਿਸ ਕਾਰਨ ਜਾਮ ਲੱਗ ਗਿਆ। ਇਸ ਮੌਕੇ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਇੰਤਜਾਮ ਵੀ ਕੀਤਾ ਗਿਆ ਸੀ। ਤਲਵੰਡੀ ਸਾਬੋ ਦੇ ਕਈ ਇਲਾਕਿਆਂ 'ਚ ਮਾਹੌਲ ਆਮ ਵਾਂਗ ਦੇਖਣ ਨੂੰ ਮਿਲਿਆ। ਜਿੱਥੇ ਹਰ ਦਿਨ ਦੀ ਤਰ੍ਹਾਂ ਸਾਰੇ ਸਕੂਲ-ਕਾਲਜ ਖੁੱਲ੍ਹੇ ਸਨ ਅਤੇ ਸੜਕਾਂ 'ਤੇ ਆਵਾਜਾਈ ਵੀ ਜਾਰੀ ਸੀ।
Punjab Bandh: Complete Shutdown in most all district
ਲੁਧਿਆਣਾ 'ਚ ਵੀ ਪ੍ਰਧਾਨ ਮੰਤਰੀ ਮੋਦੀ ਵਿਰੁਧ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਮੋਦੀ ਦੀ ਅਰਥੀ ਵੀ ਬਣਾਈ ਗਈ ਸੀ। ਸ਼ਹਿਰ ਦੇ ਸਾਰੇ ਪੈਟਰੋਲ ਪੰਪ ਵੀ ਬੰਦ ਪਏ ਹੋਏ ਹਨ, ਜਿਸ ਕਾਰਨ ਪੈਟਰੋਲ ਅਤੇ ਡੀਜ਼ਲ ਭਰਵਾਉਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਟਰੋਲ ਪੰਪਾਂ 'ਤੇ ਪੂਰੀ ਤਰ੍ਹਾਂ ਸੁੰਨ ਛਾਈ ਹੋਈ ਸੀ।
Punjab Bandh: Complete Shutdown in most all district
ਪਟਿਆਲਾ ਵਿਚ ਰਵਿਦਾਸੀਆ ਭਾਈਚਾਰੇ ਦੇ ਲੋਕਾਂ ਵੱਲੋਂ ਪਟਿਆਲਾ ਬੱਸ ਅੱਡੇ ਦੇ ਨੇੜੇ ਜਾਮ ਲਗਾਇਆ ਗਿਆ। ਰਵਿਦਾਸ ਮੰਦਰ ਤੋੜੇ ਜਾਣ ਵਿਰੁੱਧ ਲੋਕਾਂ ਨੇ ਕੇਂਦਰ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਮਾਨਸਾ ਬੱਸ ਅੱਡੇ ਦੇ ਬਾਹਰ ਬਹੁਜਨ ਸਮਾਜ ਭਾਈਚਾਰੇ ਦੇ ਬੈਨਰ ਹੇਠ ਧਰਨਾ ਲਗਾ ਕੇ ਬੱਸਾਂ ਨੂੰ ਰੋਕ ਦਿੱਤਾ ਗਿਆ। ਅੰਮ੍ਰਿਤਸਰ ਵਿਚ ਵੀ ਰਵਿਦਾਸੀਆਂ ਭਾਈਚਾਰੇ ਦੇ ਲੋਕਾਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ। ਅੰਮ੍ਰਿਤਸਰ ਸ਼ਹਿਰ ਵਿਚ ਬੰਦ ਨੂੰ ਚੰਗਾ ਹੁੰਗਾਰਾ ਮਿਲਿਆ।
Punjab Bandh: Complete Shutdown in most all district
ਹੁਸ਼ਿਆਰਪੁਰ 'ਚ ਰਵਿਦਾਸ ਭਾਈਚਾਰੇ ਵੱਲੋਂ ਪ੍ਰਦਰਸ਼ਨ ਦੌਰਾਨ ਹਿੰਸਕ ਰੂਪ ਵੇਖਣ ਨੂੰ ਮਿਲਿਆ। ਕਈ ਥਾਵਾਂ 'ਤੇ ਲੋਕਾਂ ਦੀਆਂ ਜ਼ਬਰੀ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਸੜਕ ਵਿਚਕਾਰ ਟਾਈਰ ਵੀ ਸਾੜੇ। ਕੁਝ ਪ੍ਰਦਰਸ਼ਨਕਾਰੀਆਂ ਨੇ ਮੋਟਰਸਾਈਕਲਾਂ 'ਤੇ ਰੈਲੀ ਕੱਢਦਿਆਂ ਹਵਾ 'ਚ ਨੰਗੀਆਂ ਤਲਵਾਰਾਂ ਵੀ ਲਹਿਰਾਈਆਂ।
Punjab Bandh: Complete Shutdown in most all district
ਮੁਕੇਰੀਆਂ 'ਚ ਹਿੰਸਕ ਝੜਪ :
ਗੁਰੂ ਰਵਿਦਾਸ ਜੀ ਦੇ ਮੰਦਰ ਤੋੜੇ ਜਾਣ ਦੇ ਵਿਰੋਧ 'ਚ ਪੰਜਾਬ 'ਚ ਕੀਤੇ ਗਏ ਬੰਦ ਦੇ ਐਲਾਨ ਤੋਂ ਬਾਅਦ ਅੱਜ ਮੁਕੇਰੀਆਂ 'ਚ ਵੀ ਰਵਿਦਾਸ ਸਮਾਜ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਦੋਂ ਰਵਿਦਾਸ ਸਮਾਜ ਦੇ ਕੁਝ ਲੋਕਾਂ ਨੇ ਬਾਜ਼ਾਰ ਅੰਦਰ ਜਿਹੜੀਆਂ ਦੁਕਾਨਾਂ ਖੁਲ੍ਹੀਆਂ ਹੋਈਆਂ ਸਨ, ਉਨ੍ਹਾਂ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨਦਾਰਾਂ ਨਾਲ ਉਨ੍ਹਾਂ ਦੀ ਬਹਿਸਬਾਜ਼ੀ ਸ਼ੁਰੂ ਹੋ ਗਈ। ਇਹ ਬਹਿਸਬਾਜ਼ੀ ਥੋੜੀ ਦੇਰ 'ਚ ਮਾਰਕੁੱਟ ਵਿਚ ਬਦਲ ਗਈ। ਇਸ ਦੌਰਾਨ ਝੜਪ 'ਚ ਅੱਧੀ ਦਰਜਨ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕੀਤਾ।
Punjab Bandh: Complete Shutdown in most all district
ਟਰੇਨਾਂ-ਬੱਸਾਂ ਬੰਦ :
ਬੰਦ ਕਾਰਨ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਵੱਖ-ਵੱਖ ਥਾਵਾਂ 'ਤੇ ਸੜਕਾਂ ਜਾਮ ਕਰ ਦਿੱਤੀਆਂ, ਜਿਸ ਕਾਰਨ ਕਈ ਮੁੱਖ ਸੜਕਾਂ 'ਤੇ ਆਵਾਜਾਈ ਬੰਦ ਹੋ ਗਈ। ਇਸ ਕਾਰਨ ਕਈ ਘੰਟੇ ਲੰਮਾ ਜਾਮ ਲੱਗਿਆ ਰਿਹਾ। ਉਧਰ ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ-ਜਲੰਧਰ ਰੇਲਵੇ ਟਰੈਕ ਵੀ ਜਾਮ ਕਰ ਦਿੱਤਾ। ਜਿਸ ਕਾਰਨ ਕਈ ਟਰੇਨਾਂ ਦੀ ਆਵਾਜਾਈ ਪ੍ਰਭਾਵਤ ਰਹੀ। ਧਰਨੇ ਕਾਰਨ ਰੇਲ ਗੱਡੀਆਂ ਵੱਖ-ਵੱਖ ਸਟੇਸ਼ਨਾਂ 'ਤੇ ਰੁਕੀਆਂ ਰਹੀਆਂ। ਬਟਾਲਾ, ਪਠਾਨਕੋਟ, ਅੰਮ੍ਰਿਤਸਰ 'ਚ ਵੀ ਲੋਕਾਂ ਨੇ ਰੇਲ ਪਟੜੀਆਂ 'ਤੇ ਧਰਨਾ ਦਿੱਤਾ।