
ਦਿੱਲੀ ਦੇ ਤੁਗਲਕਾਬਾਦ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਢਾਹੁਣ ਦੇ ਵਿਰੋਧ 'ਚ ਮੰਗਲਵਾਰ...
ਜਲੰਧਰ: ਦਿੱਲੀ ਦੇ ਤੁਗਲਕਾਬਾਦ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਢਾਹੁਣ ਦੇ ਵਿਰੋਧ 'ਚ ਮੰਗਲਵਾਰ ਮਤਲਬ ਕਿ 13 ਅਗਸਤ ਨੂੰ 'ਪੰਜਾਬ ਬੰਦ' ਦਾ ਸੱਦਾ ਦਿੱਤਾ ਗਿਆ ਹੈ। ਬੰਦ ਦੇ ਐਲਾਨ ਤੋਂ ਬਾਅਦ ਸੂਬਾ ਸਰਕਾਰ ਨੇ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਹੋਏ ਹਨ ਅਤੇ ਸਾਰੇ ਜ਼ਿਲਿਆਂ 'ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਖਾਸ ਕਰਕੇ ਦੋਆਬਾ ਦੇ ਇਲਾਕਿਆਂ 'ਚ ਖਾਸ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ।
Punjab
ਇਸ ਤੋਂ ਇਲਾਵਾ ਮਾਝਾ ਅਤੇ ਮਾਲਵਾ 'ਚ ਵੀ ਪੁਲਸ ਫੋਰਸ ਵਧਾਈ ਗਈ ਹੈ। ਇਸ ਦੇ ਨਾਲ ਹੀ 'ਗੁਰੂ ਰਵਿਦਾਸ ਜੈਅੰਤੀ ਸਮਾਰੋਹ ਕਮੇਟੀ' ਨੇ 15 ਅਗਸਤ ਨੂੰ ਕਾਲਾ ਦਿਵਸ ਦੇ ਰੂਪ 'ਚ ਮਨਾਉਣ ਦੀ ਅਪੀਲ ਵੀ ਕੀਤੀ ਹੈ।
ਕੈਪਟਨ ਨੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ
ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ. ਜੀ. ਪੀ., ਡੀ. ਜੀ. ਪੀ. ਇੰਟੈਲੀਜੈਂਸ, ਡੀ. ਜੀ. ਪੀ. ਲਾਅ ਐਂਡ ਆਰਡਰ ਨਾਲ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਵੀ ਲਿਆ। ਡੀ. ਸੀ. ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਨੇ ਸਕੂਲਾਂ ਅਤੇ ਕਾਲਜਾਂ 'ਚ ਛੁੱਟੀ ਦਾ ਐਲਾਨ ਕੀਤਾ ਹੈ, ਜਦੋਂ ਕਿ ਸਰਕਾਰੀ ਸੰਸਥਾਵਾਂ, ਬੱਸਾਂ ਅਤੇ ਰੇਲ ਗੱਡੀਆਂ ਪਹਿਲਾਂ ਤੋਂ ਨਿਰਧਾਰਿਤ ਸਮੇਂ 'ਤੇ ਹੀ ਚੱਲਣਗੀਆਂ।
ਕੈਪਟਨ ਵਲੋਂ ਮੋਦੀ ਨੂੰ ਦਖਲ ਦੇਣ ਦੀ ਅਪੀਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨਾਲ ਗੱਲ ਕਰਕੇ ਮੰਦਰ ਦੇ ਨਿਰਮਾਣ ਦੀ ਗੱਲ ਕੀਤੀ ਹੈ। ਕੈਪਟਨ ਨੇ ਦਲਿਤ ਭਾਈਚਾਰੇ ਨੂੰ ਵਿੱਤੀ ਅਤੇ ਕਾਨੂੰਨੀ ਮਦਦ ਦਾ ਭਰੋਸਾ ਵੀ ਦੁਆਇਆ ਹੈ ਤਾਂ ਜੋ ਇਸ ਮਾਮਲੇ ਨੂੰ ਅੱਗੇ ਲਿਜਾਣ 'ਚ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਉਸੇ ਥਾਂ 'ਤੇ ਦੁਬਾਰਾ ਮੰਦਰ ਬਣਾਇਆ ਜਾ ਸਕੇ।