
ਖੇਤੀ ਸੁਧਾਰਾਂ ਨਾਲ ਕਿਸਾਨਾਂ ਨੂੰ ਤਾਂ ਲਾਭ ਹੋਵੇਗਾ ਹੀ, ਸਵੈ-ਸਹਾਇਤਾ ਸਮੂਹਾਂ ਲਈ ਵੀ ਕਈ ਸੰਭਾਵਨਾਵਾਂ ਪੈਦਾ ਹੋਣਗੀਆਂ : ਨਰਿੰਦਰ ਮੋਦੀ
ਨਵੀਂ ਦਿੱਲੀ, 12 ਅਗੱਸਤ : ਕੇਂਦਰ ਦੇ ਤਿੰਨ ਖੇਤੀ ਕਾਨੂੰਨ ਨੂੰ ਲੈ ਕੇ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਜਾਰੀ ਪ੍ਰਦਰਸ਼ਨਾਂ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਇਨ੍ਹਾਂ ਖੇਤੀ ਸੁਧਾਰਾਂ ਨਾਲ ਦੇਸ਼ ਦੇ ਕਿਸਾਨਾਂ ਨੂੰ ਤਾਂ ਲਾਭ ਹੋਵੇਗਾ ਹੀ, ਇਸ ਵਿਚ ਸਵੈ ਸਹਾਇਤਾ ਸਮੂਹਾਂ ਲਈ ਵੀ ਕਈ ਸੰਭਾਵਨਵਾਂ ਹਨ। ‘ਆਤਮ ਨਿਰਭਰ ਨਾਰੀ-ਸ਼ਕਤੀ ਨਾਲ ਸੰਵਾਦ’ ਨਾਂ ਤੋਂ ਆਯੋਜਤ ਇਕ ਪ੍ਰੋਗਰਾਮ ਵਿਚ ਦੀਨਦਿਆਲ ਅੰਤਯੋਦਿਯਾ ਯੋਜਨਾ ਰਾਸ਼ਟਰੀ ਪੇਂਡੂ ਅਜੀਵਿਕਾ ਮਿਸ਼ਨ ਨਾਲ ਜੁੜੇ ਮਹਿਲਾ ਸਵੈ ਸਹਾਇਤਾ ਸਮੂਹਾਂ ਦੀ ਮਹਿਲਾ ਮੈਂਬਰਾਂ ਨਾਲ ਸੰਵਾਦ ਦੇ ਬਾਅਦ ਅਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਇਹ ਗੱਲ ਕਹਿ। ਉਨ੍ਹਾਂ ਕਿਹਾ, ‘‘ਜੋ ਨਵੇਂ ਖੇਤੀ ਸੁਧਾਰ ਹਨ ਉਨ੍ਹਾਂ ਤੋਂ ਦੇਸ਼ ਦੀ ਖੇਤੀ ਨਾਲ ਸਾਡੇ ਕਿਸਾਨਾਂ ਨੂੰ ਤਾਂ ਲਾਭ ਹੋਵੇਗਾ ਹੀ, ਇਸ ਵਿਚ ਸਵੈ ਸਹਾਇਤਾ ਸਮੂਹਾਂ ਲਈ ਵੀ ਕਈ ਸੰਭਾਵਨਾਵਾਂ ਬਣ ਰਹੀਆਂ ਹਨ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਤੁਸੀਂ ਹੁਣ ਸਿੱਧੇ ਖੇਤ ’ਤੇ ਸਾਝੇਦਾਰੀ ਕਰ ਕੇ, ਅਨਾਜ ਅਤੇ ਦਾਲ ਵਰਗੀਆਂ ਉਪਜਾਂ ਦੀਆਂ ਹੋਮ ਡਿਲੀਵਰੀ ਕਰ ਸਕਦੇ ਹੋ। ਕੋਰੋਨਾ ਕਾਲ ਵਿਚ ਅਸੀਂ ਕਈ ਥਾਂ ਅਜਿਹਾ ਹੁੰਦਿਆਂ ਦੇਖਿਆ ਵੀ ਹੈ।’’ ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਕੋਲ ਭੰਡਾਰਨ ਦੀ ਸੁਵਿਧਾ ਜੁਟਾਉਣ ਦਾ ਪ੍ਰਬੰਧ ਹੈ ਅਤੇ ਭੰਡਾਰਨ ਨੂੰ ਲੈ ਕੇ ਕੋਈ ਬੰਦਿਸ਼ ਵੀ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਤੁਸੀਂ ਚਾਹੋ ਤਾਂ ਖੇਤ ਤੋਂ ਸਿੱਧੇ ਉਪਜ ਵੇਚੋ ਜਾਂ ਫ਼ੂਡ ਪ੍ਰੋਸੈਸਿੰਗ ਯੂਨਿਟ ਲਗਾ ਕੇ ਵਧੀਆ ਪੈਕੇਜਿੰਗ ਕਰ ਕੇ ਵੇਚੋ, ਹਰ ਵਿਕਲਪ ਤੁਹਾਡੇ ਕੋਲ ਹੈ। ਆਨਲਾਈਨ ਵੀ ਅੱਜ ਕਲ ਇਕ ਵੱਡਾ ਪਲੈਟਫ਼ਾਰਮ ਬਣ ਗਿਆ ਹੈ। ਤੁਸੀਂ ਆਨਲਾਈਨ ਕੰਪਨੀਆਂ ਨਾਲ ਤਾਲਮੇਲ ਕਰ ਕੇ, ਵਧੀਆ ਪੈਕਿੰਗ ਕਰ ਕੇ ਅਸਾਨੀ ਨਾਲ ਸ਼ਹਿਰਾਂ ’ਚ ਅਪਣੀ ਉਪਜ ਵੇਚ ਸਕਦੇ ਹੋ।’’
ਮੋਦੀ ਨੇ ਕਿਹਾ ਕਿ ਇੰਨਾ ਹੀ ਨਹੀਂ, ਉਪਜਾਂ ਨੂੰ ਭਾਰਤ ਸਰਕਾਰ ਦੇ ਜੀਈਐਮ (ਜੇਮ) ਪੋਰਟਲ ’ਤੇ ਜਾ ਕੇ ਵੀ ਵੇਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਸਰਕਾਰ ਨੂੰ ਜੋ ਚੀਜ਼ਾ ਖ਼੍ਰੀਦਣੀਆਂ ਹਨ ਅਤੇ ਉਹ ਤੁਹਾਡੇ ਕੋਲ ਹੈ ਤਾਂ ਤੁਸੀਂ ਸਿੱਧੇ ਸਰਕਾਰ ਨੂੰ ਵੀ ਵੇਚ ਸਕਦੇ ਹੋ।’’
ਮੋਦੀ ਨੇ ਕਿਹਾ, ‘ਪਿੰਡ ਵਿਚ ਭੰਡਾਰਨ ਅਤੇ ਕੋਲਡ ਚੇਨ ਦੀ ਸੁਵਿਧਾ ਸ਼ੁਰੂ ਕਰਨੀ ਹੋਵੇ, ਖੇਤੀ ਦੀ ਮਸ਼ੀਨਾਂ ਲਾਉਣੀ ਹੋਵੇ, ਦੁੱਧ, ਫਲ, ਸਬਜ਼ੀ ਨੂੰ ਬਰਬਾਦ ਹੋਣ ਤੋਂ ਰੋਕਣ ਲਈ ਕੋਈ ਪਲਾਂਟ ਲਾਉਣਾ ਹੋਵੇ...ਅਜਿਹੇ ਕੰਮਾਂ ਲਈ ਵਿਸ਼ੇਸ਼ ਫ਼ੰਡ ਬਣਾਇਆ ਗਿਆ ਹੈ। ਇਸ ਫ਼ੰਡ ਨਾਲ ਮਦਦ ਲੈ ਕੇ ਸਵੈ ਸਹਾਇਤਾ ਸਮੂਹ ਵੀ ਇਹ ਸੁਵਿਧਾਵਾਂ ਤਿਆਰ ਕਰ ਸਕਦੇ ਹਨ।’’ (ਏਜੰਸੀ)