
ਅਨੁ ਨੂੰ ਅਲਗੋਜ਼ੇ ਵਜਾਉਣ ਦੇ ਨਾਲ ਨਾਲ ਘੋੜਸਵਾਰੀ, ਪੰਜਾਬੀ ਲੋਕ ਨਾਚਾਂ ਤੋਂ ਇਲਾਵਾ ਗੱਤਕਾ ਖੇਡ ਵਿਚ ਵੀ ਮੁਹਾਰਤ ਹਾਸਲ ਹੈ।
ਐੱਸ ਏ ਐਸ ਨਗਰ ( ਨਰਿੰਦਰ ਸਿੰਘ ਝਾਮਪੁਰ)- ਮੁਹਾਲੀ ਦੀ ਵਸਨੀਕ ਅਨੁਰੀਤ ਪਾਲ ਕੌਰ ਨੇ ਸਖ਼ਤ ਮਿਹਨਤ ਸਦਕਾ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਉਸ ਨੇ ਇਹ ਨਾਮ ਪੰਜਾਬੀ ਲੋਕ ਸਾਜ਼ ਅਲਗੋਜ਼ਾ ਵਜਾਉਣ ਵਾਲੀ ਦੁਨੀਆ ਦੀ ਪਹਿਲੀ ਕੁੜੀ ਹੋਣ ਕਰਕੇ ਦਰਜ ਕਰਵਾਇਆ। ਅਨੁਰੀਤ ਨੇ ਇਹ ਕਲਾ ਆਪਣੇ ਉਸਤਾਦ ਇੰਟਰਨੈਸ਼ਨਲ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਜੀ ਦੀ ਸ਼ਾਗਿਰਦੀ ਵਿਚ ਸਿੱਖੀ।
Anurit Pal Kaur
ਉਸ ਵਲੋਂ ਇਹ ਨਾਮ ਦਰਜ ਕਰਵਾ ਕੇ ਆਪਣੇ ਪਰਿਵਾਰ, ਉਸਤਾਦ ਤੇ ਟ੍ਰਾਈਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਅਨੂ ਨੇ ਇਹ ਕਲਾ 2017 ਵਿਚ ਸਿੱਖਣੀ ਸ਼ੁਰੂ ਕੀਤੀ। ਅਨੁ ਨੂੰ ਅਲਗੋਜ਼ੇ ਵਜਾਉਣ ਦੇ ਨਾਲ ਨਾਲ ਘੋੜਸਵਾਰੀ, ਪੰਜਾਬੀ ਲੋਕ ਨਾਚਾਂ ਤੋਂ ਇਲਾਵਾ ਗੱਤਕਾ ਖੇਡ ਵਿਚ ਵੀ ਮੁਹਾਰਤ ਹਾਸਲ ਹੈ। ਓਹ ਕਈ ਵਾਰੀ ਕੌਮੀ ਤੇ ਕੌਮਾਂਤਰੀ ਪੱਧਰ ਤੇ ਆਪਣੀ ਕਲਾ ਦੇ ਜੌਹਰ ਵਿਖਾ ਚੁੱਕੀ ਹੈ। ਅਨੂਰੀਤ ਦੇ ਮਾਤਾ ਸੁਖਬੀਰ ਪਾਲ ਕੌਰ ਤੇ ਪਿਤਾ ਨਰਿੰਦਰ ਨੀਨਾ ਵੀ ਬਹੁਤ ਵਧੀਆ ਕਲਾਕਾਰ ਤੇ ਲੋਕ ਕਲਾਵਾਂ ਦੇ ਗਿਆਤਾ ਹਨ।
Anurit Pal Kaur
ਅਨੁਰੀਤ ਨੇ ਗੱਤਕਾ ਖੇਡਣ ਦੀ ਕਲਾ ਆਪਣੇ ਨਾਨਾ ਗੁਰਪ੍ਰੀਤ ਸਿੰਘ ਖ਼ਾਲਸਾ ਤੋਂ ਸਿੱਖੀ। ਓਹ ਆਪਣੇ ਵੀਰ ਹਰਕੀਰਤ ਤੇ ਮਨਦੀਪ ਤੋਂ ਇਲਾਵਾ ਆਪਣੇ ਸਾਥੀਆਂ ਤੇ ਇਲਾਕਾ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੀ ਹੈ ਜਿਨ੍ਹਾਂ ਦੇ ਸਾਥ ਤੇ ਹੌਂਸਲਾ ਅਫ਼ਜਾਈ ਸਦਕਾ ਇਹ ਸੰਭਵ ਹੋ ਸਕਿਆ ਹੈ। ਅਨੁਰੀਤ ਨੂੰ ਇੰਡੀਆ ਬੁੱਕ ਆਫ ਰਿਕਾਰਡ ਵਲੋਂ ਇੱਕ ਸਰਟੀਫਿਕੇਟ, ਮੈਡਲ , ਆਈ ਕਾਰਡ, ਪੈਨ, ਬੈਚ ਭੇਜਿਆ ਗਿਆ ਹੈ। ਅਨੁਰੀਤ ਨੇ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਹੋਰ ਮਿਹਨਤ ਕਰਨ ਦਾ ਭਰੋਸਾ ਦਿੱਤਾ ਹੈ।