
ਸਿੱਧੂ ਦੇ ਸਲਾਹਕਾਰ ਦੀ ਕੈਪਟਨ ਨੂੰ ਸਲਾਹ
ਮੁੱਖ ਮੰਤਰੀ ਨੂੰ ਪੰਜਾਬ ਤੇ ਪਾਰਟੀ ਦੀ ਮਜ਼ਬੂਤੀ ਲਈ ਸਿੱਧੂ ਨਾਲ ਮਿਲ ਕੇ ਕੰਮ ਕਰਨਾ ਚਾਹੀਦੈ
ਚੰਡੀਗੜ੍ਹ, 12 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਚਾਰ ਸਲਾਹਕਾਰ ਨਿਯੁਕਤ ਕੀਤੇ ਗਏ ਹਨ | ਨਵਜੋਤ ਸਿੱਧੂ ਤੋਂ ਬਾਅਦ ਉਨ੍ਹਾਂ ਦੇ ਸਲਾਹਕਾਰ ਮਲਵਿੰਦਰ ਸਿੰਘ ਮਾਲੀ ਨੇ ਵੀ ਮੁੱਖ ਮੰਤਰੀ ਉਤੇ ਤਿੱਖੇ ਸ਼ਬਦੀ ਵਾਰ ਕੀਤੇ ਹੈ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੀ ਥਾਂ ਸੁਖਬੀਰ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਨ |
ਮੱਲੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਮੇਰੀ ਸੋਚ ਉਤੇ ਭਰੋਸਾ ਪ੍ਰਗਟਾਇਆ ਹੈ | ਮੈਂ ਹਮੇਸ਼ਾ ਕਾਂਗਰਸ ਦੇ ਅੰਦਰੂਨੀ ਵਿਵਾਦ ਬਾਰੇ ਖੁੱਲ੍ਹ ਕੇ ਬੋਲਿਆ ਹੈ | ਸ. ਮੱਲੀ ਨੇ ਅੱਗੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਨਾਲ ਬੇਵਫ਼ਾਈ ਕੀਤੀ | ਉਨ੍ਹਾਂ ਕਿਹਾ ਕਿ ਅੱਜ, ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਖ਼ਤਰੇ ਬਾਰੇ ਗੱਲ ਕਰ ਕੇ ਕੇਂਦਰ ਤੋਂ
ਸੁਰੱਖਿਆ ਦੀ ਮੰਗ ਕਰ ਰਹੇ ਹਨ | ਕਿਸਾਨ ਅੰਦੋਲਨ ਨੂੰ ਲੈ ਕੇ ਪਾਕਿਸਤਾਨ ਦੀ ਸਾਜ਼ਸ਼ ਦੀ ਗੱਲ ਆਖ ਰਹੇ ਹਨ | ਪੰਜਾਬ ਵਿਚ ਡਰ ਅਤੇ ਭੈਅ ਦਾ ਮਾਹੌਲ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ | ਤੁਸੀਂ ਚੀਨ ਨਾਲ ਸਮਝੌਤਾ ਕਰਦੇ ਹੋ ਪਰ ਪੰਜਾਬ ਦੇ ਹਾਲਾਤ ਕਿਉਂ ਖ਼ਰਾਬ ਕੀਤੇ ਜਾ ਰਹੇ ਹਨ |
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ | ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਸਮਝਣਾ ਪਵੇਗਾ ਕਿ ਚੰਗੇ ਮਾਹੌਲ ਵਿਚ ਛਡਣਾ ਬਿਹਤਰ ਹੈ | ਇਹ ਸਮੇਂ ਦੀ ਹਕੀਕਤ ਹੈ, ਇਸ ਵਿਚ ਕਾਂਗਰਸ ਦਾ ਭਲਾ ਹੈ | ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਪਹਿਲੀ ਸਲਾਹ ਮੰਨ ਲੈਣੀ ਚਾਹੀਦੀ ਹੈ ਕਿ ਇਕ ਨਾਹਰਾ ਹੋਣਾ ਚਾਹੀਦਾ ਹੈ 'ਬਾਕੀ ਗੱਲਾਂ ਬਾਅਦ ਵਿਚ, ਪਹਿਲਾਂ ਪੰਜਾਬ ਪਿਆਰਾ ਹੈ |' ਮਾਲੀ ਨੇ ਕੈਪਟਨ ਨੂੰ ਸਲਾਹ ਦਿਤੀ ਕਿ ਉਹ ਪੁਰਾਣਾ ਸੱਭ ਕੁੱਝ ਭੁੱਲ ਕੇ ਪਾਰਟੀ ਤੇ ਪੰਜਾਬ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ |