
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਤੀਜਾ
ਚੰਡੀਗੜ੍ਹ, 12 ਅਗੱਸਤ (ਸੁਰਜੀਤ ਸਿੰਘ ਸੱਤੀ): ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਦੀ ਸਿਆਸਤ ਵਿਚ ਇਕ ਚੰਗਾ ਧਮਾਕਾ ਕਰਦਿਆਂ ਅੱਜ ਇਥੇ ਪ੍ਰੈਸ ਕਲੱਬ ਵਿਖੇ ਤੀਜੇ ਫ਼ਰੰਟ ਦਾ ਐਲਾਨ ਕੀਤਾ। ਫ਼ਰੰਟ ਦਾ ਸਾਂਝਾ ਘੱਟੋ ਘੱਟ ਪ੍ਰੋਗਰਾਮ ਬਨਾਉਣ ਲਈ ਕਮੇਟੀ ਬਣਾਈ ਜਾਵੇਗੀ ਤੇ ਇਸ ਉਪਰੰਤ ਹੀ ਸੀਟਾਂ ਦੀ ਵੰਡ ਬਾਰੇ ਵੀ ਵਿਚਾਰ ਹੋਵੇਗਾ।
ਸ. ਢੀਂਡਸਾ ਨੇ ਛੇਤੀ ਹੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਅਤੇ ਸੀਪੀਆਈ ਤੇ ਸੀਪੀਐਮ ਦੇ ਵੀ ਤੀਜੇ ਫ਼ਰੰਟ ਵਿਚ ਸ਼ਾਮਲ ਹੋਣ ਦੀ ਆਸ ਪ੍ਰਗਟਾਈ ਹੈ। ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਨਾ ’ਤੇ ਗਠਜੋੜ ਦੀ ਗੱਲ ਸਿਰੇ ਚੜ੍ਹੀ ਹੈ ਤੇ ਨਾ ਹੀ ਟੁੱਟੀ ਹੈ ਤੇ ਉਂਜ ਵੀ ਅਜੇ ਚੋਣਾਂ ਵਿਚ ਵਕਤ ਹੈ। ਫ਼ਰੰਟ ਦੇ ਮੰਚ ’ਤੇ ਇਕਜੁਟ ਹੋਏ ਅਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਦੇ ਸਰਪ੍ਰਸਤ ਬਾਬੂ ਕਾਂਸ਼ੀ ਰਾਮ ਦੀ ਭੈਣ ਬੀਬੀ ਸਵਰਨ ਕੌਰ, ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਭੀਮ ਆਰਮੀ ਵਲੋਂ ਐਮ.ਐਲ.ਤੋਮਰ, ਸ਼੍ਰੋਮਣੀ ਅਕਾਲੀ ਦਲ (ਕਿਰਤੀ) ਦੇ ਪ੍ਰਧਾਨ ਬੂਟਾ ਸਿੰਘ, ਜਨਤਾ ਦਲ (ਸੈਕੁਲਰ) ਦੇਵਗੌੜਾ ਦੇ ਸੂਬਾ ਪ੍ਰਧਾਨ ਮਾਸਟਰ ਅਵਤਾਰ ਸਿੰਘ, ਜਨਤਾ ਦਲ ਯੂਨਾਈਟਿਡ ਦੇ ਸੂਬਾ ਪ੍ਰਧਾਨ ਮਨਵਿੰਦਰ ਪਾਲ ਸਿੰਘ ਬੈਨੀਪਾਲ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ (ਬਨਾਤਵਾਲਾ) ਤਾਲਮੇਲ ਕਮੇਟੀ ਦੇ ਕੌਮੀ ਸਕੱਤਰ ਮਕਸੂਦ- ਉਲ- ਹੱਕ ਵੀ ਇਸ ਮੌਕੇ ਮੌਜੂਦ ਰਹੇ। ਇਸ ਮੌਕੇ ਸ. ਬ੍ਰਹਮਪੁਰਾ ਨੇ ਕਿਹਾ ਕਿ ਸਾਡੇ ਲਈ ਪੰਥ ਸਰਵੋਤਮ ਹੈ ਅਤੇ ਇਸ ਸਮੇਂ ਪੰਥ ਅਤੇ ਪੰਜਾਬ ਵਿਰੋਧੀ ਸ਼ਕਤੀਆਂ ਦਾ ਸਿੱਖ ਜਜ਼ਬੇ ਤੇ ਪੰਜਾਬੀ ਸੋਚ ਨੂੰ ਢਾਹ ਲਾਉਣ ’ਤੇ ਜ਼ੋਰ ਲੱਗਿਆ ਹੋਇਆ ਹੈ। ਅਜਿਹੇ ਹਾਲਾਤ ਵਿਚ ਪੰਜਾਬ ਹਿਤੈਸ਼ੀ ਲੋਕ ਤੀਸਰਾ ਬਦਲ ਚਾਹੁੰਦੇ ਹਨ।
ਇਸ ਮੌਕੇ ਸ. ਢੀਂਡਸਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਵਿਚਲੀਆਂ ਸਰਕਾਰਾਂ ਕਿਸਾਨਾਂ ਤੋਂ ਬੇਮੁੱਖ ਹਨ। ਕੇਂਦਰ ਸਰਕਾਰ ਨੂੰ ਰਾਜ ਸਭਾ ਵਿਚ ਖੇਤੀ ਕਾਨੂੰਨਾਂ ’ਤੇ ਬਹਿਸ ਕਰਨ ਲਈ ਕਿਹਾ ਗਿਆ ਪਰ ਕੇਂਦਰ ਸਰਕਾਰ ਇਸ ਲਈ ਤਿਆਰ ਹੀ ਨਹੀਂ ਹੋਈ। ਇਕ ਸਵਾਲ ਦੇ ਜਵਾਬ ਵਿਚ ਬ੍ਰਹਮਪੁਰਾ ਤੇ ਢੀਂਡਸਾ ਨੇ ਕਿਹਾ ਕਿ ਉਹ ਪਹਿਲਾਂ ਪਾਰਟੀ ਵਿਚ ਰਹਿ ਕੇ ਨੀਤੀਆਂ ਦਾ ਵਿਰੋਧ ਕਰਦੇ ਰਹੇ ਪਰ ਬਾਦਲਾਂ ਨੇ ਕਿਸੇ ਦੀ ਵਾਹ ਨਹੀਂ ਚਲਣ ਦਿਤੀ ਤੇ ਇਸੇ ਕਾਰਨ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣਾ ਪਿਆ। ਸਵਰਣ ਕੌਰ ਨੇ ਕਿਹਾ ਕਿ ਬਾਬੂ ਕਾਂਸ਼ੀ ਰਾਮ ਨੇ ਇਕ ਵੱਡੀ ਸਮਾਜ ਹਿੱਤੂ ਪਾਰਟੀ ਖੜੀ ਕੀਤੀ ਸੀ ਪਰ ਹੁਣ ਇਸ ਨੂੰ ਖੇਰੂੰ-ਖੇਰੂੰ ਕਰ ਦਿਤਾ ਗਿਆ ਹੈ, ਲਿਹਾਜਾ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਤੇ ਪੰਜਾਬ ਨੂੰ ਬਚਾਉਣ ਲਈ ਕਾਂਗਰਸ, ਅਕਾਲੀ ਦਲ ਤੇ ਭਾਜਪਾ ਤੋਂ ਬਿਨਾਂ ਹੋਰ ਸਾਰੀਆਂ ਸਿਆਸੀ ਧਿਰਾਂ ਨੂੰ ਇਕ ਮੰਚ ’ਤੇ ਆ ਕੇ ਸੱਤਾ ਸਾਂਭਣ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਬਣਦਾ ਹੱਕ ਦਿਵਾਇਆ ਜਾ ਸਕੇ। ਭੀਮ ਆਰਮੀ ਵਲੋਂ ਤੋਮਰ ਨੇ ਕਿਹਾ ਕਿ ਯੂਪੀ ਵਿਚ ਮਾਇਆਵਤੀ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਤੇ ਪੰਜਾਬ ਵਿਚ ਵੀ ਬਹੁਜਨ ਸਮਾਜ ਪਾਰਟੀ ਨੂੰ ਗ਼ਲਤ ਹੱਥਾਂ ’ਚੋਂ ਮੁਕਤ ਕਰਵਾਉਣ ਦਾ ਸਮਾਂ ਆ ਗਿਆ ਹੈ। ਬੂਟਾ ਸਿੰਘ ਨੇ ਕਿਹਾ ਕਿ ਅੱਜ ਸ. ਢੀਂਡਸਾ ਉਹੀ ਭੂਮਿਕਾ ਨਿਭਾਉਣਗੇ, ਜਿਹੜੀ ਕਿ ਕਿਸੇ ਵੇਲੇ ਬਦਲਾਅ ਲਈ ਜੈ ਪ੍ਰਕਾਸ਼ ਨਰਾਇਣ ਨੇ ਨਿਭਾਈ ਸੀ। ਇਸ ਮੌਕੇ ਬੀਰ ਦਵਿੰਦਰ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਰਣਜੀਤ ਸਿੰਘ ਤਲਵੰਡੀ, ਦੇਸਰਾਜ ਸਿੰਘ ਧੁੱਗਾ, ਰਵਿੰਦਰ ਸਿੰਘ ਬ੍ਰਹਮਪੁਰਾ, ਹਰਜਿੰਦਰ ਸਿੰਘ ਗਰਚਾ ਆਦਿ ਵੀ ਮੌਜੂਦ ਰਹੇ।
ਡੱਬੀ