ਕਿਸੇ ਸਮੇਂ ਮੋਟਾਪੇ ਕਾਰਨ ਪਤੀ ਨੇ ਦੇ ਦਿਤਾ ਸੀ ਤਲਾਕ
ਮੁਹਾਲੀ: ਜਿਸ ਔਰਤ ਨੂੰ ਕਦੇ ਮੋਟਾਪੇ ਕਾਰਨ ਪਤੀ ਨੇ ਛੱਡ ਦਿਤਾ ਸੀ, ਉਹ ਮੋਟਾਪੇ ਨੂੰ ਆਪਣੀ ਤਾਕਤ ਬਣਾ ਕੇ ਮਿਸਿਜ਼ ਇੰਡੀਆ ਬਣੀ। ਇਹ ਗੱਲ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਲੱਗਦੀ ਪਰ ਇਹ ਸੱਚ ਹੈ। ਇਹ ਦੀਪਤੀ ਰਿਸ਼ੀ ਦੀ ਜ਼ਿੰਦਗੀ ਦੀ ਅਸਲ ਕਹਾਣੀ ਹੈ। ਹਾਲ ਹੀ ਵਿਚ ਦੁਬਈ ਵਿਚ ਹੋਏ ਇਕ ਸੁੰਦਰਤਾ ਮੁਕਾਬਲੇ ਵਿੱਚ ਦੀਪਤੀ ਨੇ ਮਿਸਿਜ਼ ਇੰਡੀਆ ਪਲੱਸ ਸਾਈਜ਼ ਵਰਗ ਵਿਚ ਤਾਜ ਜਿੱਤਿਆ। ਹਾਲਾਂਕਿ, ਇਕ ਮਲਟੀਨੈਸ਼ਨਲ ਕੰਪਨੀ ਦੀ ਐਚਆਰ ਹੈੱਡ 48 ਸਾਲਾ ਦੀਪਤੀ ਲਈ ਇਹ ਇੰਨਾ ਆਸਾਨ ਨਹੀਂ ਸੀ।
ਇਹ ਵੀ ਪੜ੍ਹੋ: ਕਰਤਾਰਪੁਰ 'ਚ ਵਾਪਰਿਆ ਵੱਡਾ ਹਾਦਸਾ, 70 ਫੁੱਟ ਡੂੰਘੇ ਟੋਭੇ ਵਿਚ ਫਸਿਆ ਇੰਜੀਨੀਅਰ
ਦੀਪਤੀ ਦੱਸਦੀ ਹੈ ਕਿ ਉਸਦੇ ਮਾਤਾ-ਪਿਤਾ ਨੇ 21 ਸਾਲ ਦੀ ਉਮਰ ਵਿਚ ਉਸਦਾ ਵਿਆਹ ਕਰਵਾ ਦਿਤਾ ਸੀ। ਵਿਆਹ ਦੇ ਦੋ ਸਾਲ ਬਾਅਦ ਯਾਨੀ 23 ਸਾਲ ਦੀ ਉਮਰ 'ਚ ਦੀਪਤੀ ਵੀ ਇਕ ਬੱਚੇ ਦੀ ਮਾਂ ਬਣੀ। ਗਰਭਅਵਸਥਾ ਤੋਂ ਬਾਅਦ ਉਸ ਦੇ ਸਰੀਰ 'ਚ ਕਈ ਬਦਲਾਅ ਆਏ, ਸਰੀਰ ਦਾ ਮੋਟਾਪਾ ਉਨ੍ਹਾਂ 'ਚੋਂ ਇਕ ਸੀ। ਸਮਾਂ ਬੀਤਣ ਦੇ ਨਾਲ ਦੀਪਤੀ ਦਾ ਭਾਰ ਵਧਣ ਲੱਗਾ, ਜਿਸ ਕਾਰਨ ਉਸ ਨੂੰ ਆਪਣੇ ਪਤੀ ਦੇ ਕਈ ਤਾਅਨੇ ਮਿਲਣੇ ਸ਼ੁਰੂ ਹੋ ਗਏ। ਉਸ ਦਾ ਆਪਣੇ ਪਤੀ ਨਾਲ ਤਕਰਾਰ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ: ਵਿਜੀਲੈਂਸ ਨੇ ਅਧਿਆਪਕਾਂ ਦੀ ਭਰਤੀ ਮਾਮਲੇ ਵਿਚ ਸਰਟੀਫ਼ਿਕੇਟਾਂ 'ਚ ਹੇਰਾਫੇਰੀ ਤੇ ਪਰਚਾ ਕੀਤਾ ਦਰਜ
ਦੀਪਤੀ ਨੇ ਆਪਣੇ ਪਤੀ ਨਾਲ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਸਾਲ 2016 'ਚ ਤਲਾਕ ਲੈ ਲਿਆ ਸੀ। ਉਸ ਨੇ ਆਪਣੇ ਪੁੱਤਰ ਨਾਲ ਪਤੀ ਦਾ ਘਰ ਛੱਡ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਦੀਪਤੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਅਕਸਰ ਉਸ ਦੇ ਮੋਟਾਪੇ ਨੂੰ ਲੈ ਕੇ ਤਾਅਨੇ ਮਾਰਦਾ ਰਹਿੰਦਾ ਸੀ ਪਰ ਮੋਟਾਪੇ ਕਾਰਨ ਉਸ ਨੇ ਕਦੇ ਵੀ ਆਪਣਾ ਸਰੀਰ ਵੱਖਰਾ ਮਹਿਸੂਸ ਨਹੀਂ ਕੀਤਾ। ਦੀਪਤੀ ਨੇ ਆਪਣੇ ਬੇਟੇ ਦੀ ਦੇਖਭਾਲ ਲਈ ਗੁਰੂਗ੍ਰਾਮ 'ਚ ਨੌਕਰੀ ਕੀਤੀ ਅਤੇ ਬੇਟੇ ਨੂੰ ਪੜ੍ਹਾਈ ਲਈ ਕੈਨੇਡਾ ਭੇਜ ਦਿਤਾ।
ਦੀਪਤੀ ਨੇ ਦਸਿਆ ਕਿ ਉਸ ਨੂੰ ਲੱਗਾ ਕਿ ਜ਼ਿੰਦਗੀ 'ਚ ਕੁਝ ਵੱਖਰਾ ਕਰਨਾ ਚਾਹੀਦਾ ਹੈ, ਇਸ ਲਈ ਉਸ ਨੇ ਨੌਕਰੀ ਦੇ ਨਾਲ-ਨਾਲ ਰੈਂਪ ਵਾਕ, ਮਾਡਲਿੰਗ ਸ਼ੁਰੂ ਕਰ ਦਿਤੀ। ਫਿਰ ਇਕ ਦਿਨ ਦੀਪਤੀ ਨੂੰ ਦੁਬਈ ਵਿਚ ਹੋਣ ਵਾਲੇ ਪਲੱਸ ਸਾਈਜ਼ ਬਿਊਟੀ ਪੇਜੈਂਟ ਬਾਰੇ ਪਤਾ ਲੱਗਾ ਤਾਂ ਉਸਨੇ ਇਸ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ। ਸਖ਼ਤ ਮਿਹਨਤ ਤੋਂ ਬਾਅਦ ਦੀਪਤੀ ਨੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਹਰਾ ਕੇ ਮੁਕਾਬਲੇ ਦਾ ਖ਼ਿਤਾਬ ਜਿੱਤਿਆ।
ਦੀਪਤੀ ਦਾ ਕਹਿਣਾ ਹੈ ਕਿ ਤਲਾਕ ਤੋਂ ਬਾਅਦ ਉਸ ਦੀ ਜ਼ਿੰਦਗੀ ਆਸਾਨ ਨਹੀਂ ਸੀ, ਪਰ ਉਸ ਨੇ ਕਦੇ ਹਾਰ ਨਹੀਂ ਮੰਨੀ ਅਤੇ ਹਮੇਸ਼ਾ ਆਪਣੇ ਆਪ ਨੂੰ ਪਿਆਰ ਕੀਤਾ। ਇਸ ਦੇ ਨਤੀਜੇ ਵਜੋਂ, ਉਹ ਇਹ ਮੁਕਾਬਲਾ ਜਿੱਤਣ ਦੇ ਯੋਗ ਸੀ। ਆਪਣੀ ਜਿੱਤ ਦਾ ਸਿਹਰਾ ਆਪਣੇ ਬੇਟੇ ਨੂੰ ਦਿੰਦੇ ਹੋਏ ਦੀਪਤੀ ਕਹਿੰਦੀ ਹੈ ਕਿ ਉਸ ਦੇ ਬੇਟੇ ਨੇ ਕਦੇ ਵੀ ਉਸ ਦਾ ਸਾਥ ਨਹੀਂ ਛੱਡਿਆ ਅਤੇ ਹਮੇਸ਼ਾ ਉਸ ਨੂੰ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਉਣ ਲਈ ਪ੍ਰੇਰਿਤ ਕੀਤਾ।