
ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ’ਚ ਸ਼ੁਮਾਰ ਹੋਈ ’ਵਰਸਿਟੀ
ਚੰਡੀਗੜ੍ਹ: ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ (NAAC) ਨੇ ਪੰਜਾਬ ਯੂਨੀਵਰਸਿਟੀ (PU) ਨੂੰ A++ ਗ੍ਰੇਡ ਨਾਲ ਸਨਮਾਨਿਤ ਕੀਤਾ ਹੈ, ਜਿਸ ਨਾਲ ਇਹ ਸੰਸਥਾ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ’ਚੋਂ ਇਕ ਬਣ ਗਈ ਹੈ। ’ਵਰਸਿਟੀ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਹੈ ਜਦੋਂ ਇਸ ਨੂੰ ਇਹ ਗ੍ਰੇਡ ਮਿਲਿਆ ਹੈ। ਉਹ ਵੀ ਜਦੋਂ ਪਹਿਲੀ ਵਾਰ ਵਾਈਸ ਚਾਂਸਲਰ ਵਜੋਂ ਕੋਈ ਔਰਤ ਇਸ ਦੀ ਅਗਵਾਈ ਕਰ ਰਹੀ ਹੈ। PU ਨੇ ਸਾਲ 2023 ਲਈ NAAC ਗਰੇਡਿੰਗ ’ਚ 4 ਵਿਚੋਂ 3.68 ਅੰਕ ਪ੍ਰਾਪਤ ਕੀਤੇ ਹਨ।
ਪੰਜਾਬ ਯੂਨੀਵਰਸਿਟੀ ਨੂੰ ਇਹ ਜਾਣਕਾਰੀ ਨੈਕ ਵਲੋਂ ਸਨਿਚਰਵਾਰ ਦੇਰ ਸ਼ਾਮ ਐਲਾਨੇ ਗਏ ਨਤੀਜਿਆਂ ’ਚ ਮਿਲੀ, ਜਿਸ ਕਾਰਨ ਪੂਰੀ ਯੂਨੀਵਰਸਿਟੀ ’ਚ ਖੁਸ਼ੀ ਦਾ ਮਾਹੌਲ ਹੈ। PU ਨੇ ਸੱਤ ਸਾਲ ਪਹਿਲਾਂ NAAC ’ਚ ਏ ਗ੍ਰੇਡ ਪ੍ਰਾਪਤ ਕੀਤਾ ਸੀ। ਉਸ ਸਮੇਂ ਇਸ ਨੂੰ ਚਾਰ ’ਚੋਂ 3.35 ਅੰਕ ਮਿਲੇ ਸਨ। ਯੂਨੀਵਰਸਿਟੀ ਦੀ ਵਾਈਸ-ਚਾਂਸਲਰ ਰੇਣੂ ਵਿਗ ਨੇ ਇਨ੍ਹਾਂ ਮਹੱਤਵਪੂਰਨ ਪਲਾਂ ’ਤੇ ਅਪਣੇ ਪ੍ਰਤੀਕਰਮ ’ਚ ਕਿਹਾ ਕਿ ਉਹ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕਰਨ ਲਈ ਨੈਕ ਦਾ ਧੰਨਵਾਦ ਕਰਦੇ ਹਨ।
’ਵਰਸਿਟੀ ਨੇ ਇਹ ਪ੍ਰਾਪਤੀ ਫ਼ੰਡਾਂ ਦੀ ਕਿੱਲਤ ਅਤੇ ਹਰਿਆਣਾ ਨੂੰ ਹਿੱਸੇਦਾਰੀ ਦੇਣ ਬਾਰੇ ਪੰਜਾਬ ਦੇ ਵਿਰੋਧ ਦਰਮਿਆਨ ਹਾਸਲ ਕੀਤੀ ਹੈ। ਏ++ ਮਾਨਤਾ 4 ’ਚੋਂ 3.51 ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਦਿਤੀ ਜਾਂਦੀ ਹੈ ਅਤੇ ਇਹ ਸੱਤ ਸਾਲਾਂ ਤਕ ਬਰਕਰਾਰ ਰਹਿੰਦੀ ਹੈ। ਮੌਜੂਦਾ ਰੇਟਿੰਗ ’ਵਰਸਿਟੀ ਦੇ 150 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਵੱਧ ਹੈ।
ਉਨ੍ਹਾਂ ਕਿਹਾ ਕਿ ਪੀ.ਯੂ. ਨੇ ਇਸ ਗਰੇਡਿੰਗ ਨੂੰ ਹਾਸਲ ਕਰਨ ਲਈ ਇਕ ਟੀਮ ਵਜੋਂ ਸਖ਼ਤ ਮਿਹਨਤ ਕੀਤੀ ਹੈ। ਇਸ ਦੇ ਲਈ ਉਹ ਸਮੂਹ ਵਿਭਾਗਾਂ ਦੇ ਕਰਮਚਾਰੀਆਂ, ਅਧਿਆਪਕਾਂ ਅਤੇ ਹੋਰ ਹਿਤਧਾਰਕਾਂ ਦਾ ਧੰਨਵਾਦ ਕਰਦੀ ਹੈ, ਜੋ ਪਿਛਲੇ ਛੇ ਮਹੀਨਿਆਂ ਤੋਂ ਸਖ਼ਤ ਮਿਹਨਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੀਆਂ ਪ੍ਰਯੋਗਸ਼ਾਲਾਵਾਂ ਤੋਂ ਇਲਾਵਾ ’ਵਰਸਿਟੀ ਨੇ ਪਿਛਲੇ ਕੁਝ ਸਮੇਂ ਤੋਂ ਕਈ ਢਾਂਚਾਗਤ ਸੁਧਾਰ ਵੀ ਕੀਤੇ ਹਨ।
ਇਸ ਨੇ ਖੋਜ ਅਤੇ ਸੰਸਥਾ ’ਚ ਅਪਣਾਏ ਗਏ ਵਧੀਆ ਅਭਿਆਸਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਦਿਤੀਆਂ ਜਾਣ ਵਾਲੀਆਂ ਵਿਸ਼ੇਸ਼ ਗਤੀਵਿਧੀਆਂ ਲਈ ਵੀ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ। NAAC ਗਰੇਡੇਸ਼ਨ ਦੇ ਕੁਲ ਚਾਰ ਅੰਕਾਂ ’ਚੋਂ, PU ਨੇ ਪਾਠਕ੍ਰਮ ਦੇ ਪਹਿਲੂਆਂ ’ਚ 3.87, ਟੀਚਿੰਗ-ਲਰਨਿੰਗ ਅਤੇ ਇਵੈਲਿਊਏਸ਼ਨ-3.40, ਖੋਜ, ਇਨੋਵੇਸ਼ਨ ਐਂਡ ਐਕਸਟੈਂਸ਼ਨ-3.73, ਬੁਨਿਆਦੀ ਢਾਂਚਾ ਅਤੇ ਸਿਖਲਾਈ ਸਰੋਤ-3.60, ਸਟੂਡੈਂਟ ਸਪੋਰਟ ਐਂਡ ਪ੍ਰੋਗਰੈਸ਼ਨ- 3.74, ਗਵਰਨੈਂਸ, ਲੀਡਰਸ਼ਿਪ ਅਤੇ ਮੈਨੇਜਰਮੈਂਟ-3.57 ਅਤੇ ਇੰਸਟੀਚਿਊਸ਼ਨਲ ਵੈਲਿਊਜ਼ ਐਂਡ ਬੈਸਟ ਪ੍ਰੈਕਟੀਸਿਜ਼ ’ਚ 4.00 ਅੰਕ ਪ੍ਰਾਪਤ ਕੀਤੇ।