Punjab News: ਦੋਵਾਂ ਨੇ ਪਾਲਮਪੁਰ ਦੀ ਸਾਈ ਯੂਨੀਵਰਸਿਟੀ ਦੇ ਨਿਰੀਖਣ ਵਿਚ ਪੱਖ ਲੈਣ ਦੇ ਬਦਲੇ 3.50 ਲੱਖ ਰੁਪਏ ਦੀ ਰਿਸ਼ਵਤ ਲਈ ਸੀ
Punjab News: ਹਿਮਾਚਲ ਪ੍ਰਦੇਸ਼ 'ਚ ਵਿਜੀਲੈਂਸ ਅਤੇ ਐਂਟੀ ਕੁਰੱਪਸ਼ਨ ਬਿਊਰੋ ਨੇ ਪੰਜਾਬ ਦੇ 2 ਪ੍ਰੋਫੈਸਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਪ੍ਰੋਫੈਸਰ ਬਾਬਾ ਫਰੀਦ ਯੂਨੀਵਰਸਿਟੀ ਅਤੇ ਕੇਂਦਰੀ ਯੂਨੀਵਰਸਿਟੀ ਦੇ ਹਨ।
ਇਨ੍ਹਾਂ ਦੋਵਾਂ ਨੇ ਪਾਲਮਪੁਰ ਦੀ ਸਾਈ ਯੂਨੀਵਰਸਿਟੀ ਦੇ ਨਿਰੀਖਣ ਵਿਚ ਪੱਖ ਲੈਣ ਦੇ ਬਦਲੇ 3.50 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਵਿਜੀਲੈਂਸ ਦੀ ਜਾਂਚ ਅਨੁਸਾਰ ਇਨ੍ਹਾਂ ਦੋਵੇਂ ਪ੍ਰੋਫੈਸਰਾਂ ਨੂੰ ਫਾਰਮੇਸੀ ਕੌਂਸਲ ਆਫ਼ ਇੰਡੀਆ ਵੱਲੋਂ ਸਾਈਂ ਬਾਬਾ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਰਿਸਰਚ ਵਿਖੇ ਨਿਰੀਖਣ ਲਈ ਨਿਯੁਕਤ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਗਲਤ ਲਾਭ ਲੈਣ ਲਈ ਉਨ੍ਹਾਂ ਨੇ ਇਹ ਰਿਸ਼ਵਤ ਸਾਈ ਯੂਨੀਵਰਸਿਟੀ ਤੋਂ ਲਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਦੋ ਪ੍ਰੋਫੈਸਰਾਂ ਤੋਂ ਇਲਾਵਾ ਉਨ੍ਹਾਂ ਦਾ ਡਰਾਈਵਰ ਵੀ ਸ਼ਾਮਲ ਹੈ।
ਰੱਕੜ ਪੁਲਿਸ ਨੇ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਨ੍ਹਾਂ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਐਸੋਸੀਏਟ ਪ੍ਰੋਫੈਸਰ ਰਾਕੇਸ਼ ਚਾਵਲਾ, ਸੈਂਟਰਲ ਯੂਨੀਵਰਸਿਟੀ ਘੁੱਦਾ (ਬਠਿੰਡਾ) ਦੇ ਪ੍ਰੋਫੈਸਰ ਪੁਨੀਤ ਕੁਮਾਰ ਅਤੇ ਕਾਰ ਚਾਲਕ ਜਸਕਰਨ ਸਿੰਘ ਸ਼ਾਮਲ ਸਨ।
ਵਿਜੀਲੈਂਸ ਟੀਮ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿੱਚੋਂ ਰਾਕੇਸ਼ ਚਾਵਲਾ ਦਾ ਚਾਕਲੇਟ ਬਰਾਊਨ ਸੂਟਕੇਸ ਮਿਲਿਆ। ਅੰਦਰ ਰੱਖੇ ਪੋਲੀਥੀਨ ਵਿੱਚੋਂ 1.70 ਲੱਖ ਰੁਪਏ ਬਰਾਮਦ ਹੋਏ। ਇਨ੍ਹਾਂ ਨੋਟਾਂ ਦੇ ਬੰਡਲਾਂ 'ਤੇ ਐਕਸਿਸ ਬੈਂਕ ਪਾਲਮਪੁਰ ਬ੍ਰਾਂਚ ਦੀਆਂ ਪਰਚੀਆਂ ਲੱਗੀਆਂ ਹੋਈਆਂ ਸਨ। ਪੁਲਿਸ ਨੇ ਉਨ੍ਹਾਂ ਨੂੰ ਬਰਾਮਦ ਕਰ ਲਿਆ। ਜਾਂਚ 'ਚ ਸਾਹਮਣੇ ਆਇਆ ਕਿ ਇਹ ਸਾਰੀ ਨਕਦੀ 9 ਅਗਸਤ ਨੂੰ ਹੀ ਪਾਲਮਪੁਰ ਬ੍ਰਾਂਚ ਤੋਂ ਕਢਵਾਈ ਗਈ ਸੀ।
ਇਸ ਤੋਂ ਬਾਅਦ ਟੀਮ ਨੇ ਪ੍ਰੋਫੈਸਰ ਪੁਨੀਤ ਕੁਮਾਰ ਦੇ ਮਰੂਨ ਰੰਗ ਦੇ ਸੂਟਕੇਸ ਦੀ ਤਲਾਸ਼ੀ ਲਈ ਤਾਂ ਤੌਲੀਏ ਵਿੱਚ ਲਪੇਟ ਕੇ ਰੱਖੇ 1.80 ਲੱਖ ਰੁਪਏ ਬਰਾਮਦ ਹੋਏ। ਟੀਮ ਨੇ ਜਦੋਂ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਉਹ ਪੈਸਿਆਂ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।
ਜਿਸ ਤੋਂ ਬਾਅਦ ਪੁਲਿਸ ਨੇ ਕ੍ਰੇਟਾ ਕਾਰ ਚਾਲਕ ਜਸਕਰਨ ਸਿੰਘ, ਰਾਕੇਸ਼ ਚਾਵਲਾ ਵਾਸੀ ਨਿਊ ਫਲੈਟ ਜੀਐਸਐਸ ਕੰਪਲੈਕਸ ਕਲੋਨੀ, ਫਰੀਦਕੋਟ, ਪੰਜਾਬ ਅਤੇ ਪੁਨੀਤ ਕੁਮਾਰ ਵਾਸੀ ਕੇਸੀ ਰੋਡ ਕਲੋਨੀ, ਜ਼ਿਲ੍ਹਾ ਬਰਨਾਲਾ ਪੰਜਾਬ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਨ੍ਹਾਂ ਕੋਲੋਂ ਕੁੱਲ 3.50 ਲੱਖ ਰੁਪਏ ਦੀ ਨਕਦੀ, ਇੱਕ ਲੈਪਟਾਪ, 2 ਮੋਬਾਈਲ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ। ਉਸ ਵਿਰੁੱਧ ਵਿਜੀਲੈਂਸ ਦੇ ਧਰਮਸ਼ਾਲਾ ਥਾਣੇ ਵਿੱਚ ਭ੍ਰਿਸ਼ਟਾਚਾਰ ਐਕਟ 1988 (2018 ਵਿੱਚ ਸੋਧ) ਦੀ ਧਾਰਾ 13 (2) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਧਰਮਸ਼ਾਲਾ ਦੇ ਏਐਸਪੀ ਬਦਰੀ ਸਿੰਘ ਨੇ ਦੱਸਿਆ ਹੈ ਕਿ ਦੋਵਾਂ ਮੁਲਜ਼ਮਾਂ ਨੂੰ ਧਰਮਸ਼ਾਲਾ ਦੀ ਵਿਸ਼ੇਸ਼ ਅਦਾਲਤ ਨੇ 3 ਦਿਨਾਂ ਦੇ ਵਿਜੀਲੈਂਸ ਰਿਮਾਂਡ ’ਤੇ ਭੇਜ ਦਿੱਤਾ ਹੈ।