Punjab News: ਘਟਨਾ ਦੀ ਗੁੱਥੀ ਪੁਲਿਸ ਨੇ 12 ਘੰਟਿਆਂ ਅੰਦਰ ਹੀ ਸੁਲਝਾ ਲਈ ਹੈ
Punjab News : ਜ਼ਿਲ੍ਹੇ ਦੇ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਿਖੇ ਵਾਪਰੀ ਕਤਲ ਦੀ ਘਟਨਾ ਦੀ ਗੁੱਥੀ ਪੁਲਿਸ ਨੇ 12 ਘੰਟਿਆਂ ਅੰਦਰ ਹੀ ਸੁਲਝਾ ਲਈ ਹੈ। ਮੁੱਢਲੀ ਤਫਤੀਸ਼ ਵਿਚ ਸਾਹਮਣੇ ਆਇਆ ਹੈ ਕਿ ਮਿ੍ਰਤਕ ਪਿਆਰਾ ਸਿੰਘ ਆਪਣੀਆਂ ਬੇਟੀਆਂ ’ਤੇ ਹੀ ਗ਼ਲਤ ਨਜ਼ਰ ਰੱਖਦਾ ਸੀ ਤੇ ਪਤਨੀ ਵਲੋਂ ਇਤਰਾਜ ਕਰਨ ’ਤੇ ਜਦ ਵਾਰ ਕੀਤਾ ਗਿਆ ਤਾਂ ਉਸਦੀ ਮੌਤ ਹੋ ਗਈ। ਡਾ. ਪ੍ਰਗਿਆ ਜੈਨ ਐਸਐਸਪੀ ਫ਼ਰੀਦਕੋਟ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਸਿਆ ਕਿ ਪਿੰਡ ਢਾਬ ਸ਼ੇਰ ਸਿੰਘ ਵਾਲਾ ਦੇ ਵਸਨੀਕ ਪਿਆਰਾ ਸਿੰਘ ਦੀ ਮੌਤ ਦੇ ਸਬੰਧ ਵਿਚ ਉਸਦੀ ਪਤਨੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।
ਪੜਤਾਲ ਦੌਰਾਨ ਸਾਹਮਣੇ ਆਇਆ ਕਿ ਪਿਆਰਾ ਸਿੰਘ ਆਪਣੀਆਂ ਬੇਟੀਆਂ ’ਤੇ ਹੀ ਗ਼ਲਤ ਨਜ਼ਰ ਰੱਖਦਾ ਸੀ, ਕਿਉਂਕਿ ਪਿਆਰਾ ਸਿੰਘ ਦੀਆਂ ਪੰਜ ਲੜਕੀਆਂ ’ਚੋਂ ਤਿੰਨ ਦਾ ਵਿਆਹ ਹੋ ਚੁੱਕਾ ਹੈ ਤੇ ਦੋ ਜਵਾਨ ਲੜਕੀਆਂ ਉੱਪਰ ਪਿਆਰਾ ਸਿੰਘ ਦੀ ਗ਼ਲਤ ਨੀਅਤ ਦਾ ਉਸ ਦੀ ਪਤਨੀ ਗਿਆਨ ਕੌਰ ਅਕਸਰ ਵਿਰੋਧ ਕਰਦੀ ਸੀ। ਬੀਤੇ ਕੱਲ ਜਦੋਂ ਘਰ ਵਿਚ ਪਿਆਰਾ ਸਿੰਘ ਨੇ ਅਪਣੀ ਬੇਟੀਆਂ ਨਾਲ ਗ਼ਲਤ ਕਰਨ ਦਾ ਯਤਨ ਕੀਤਾ ਤਾਂ ਗਿਆਨ ਕੌਰ ਨੇ ਬੇਟੀਆਂ ਨੂੰ ਬਚਾਉਣ ਲਈ ਘੋਟਣੇ ਨਾਲ ਉਸ ਉੱਪਰ ਵਾਰ ਕਰ ਦਿਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਗਿਆਨ ਕੌਰ ਵਿਰੁਧ ਮਾਮਲਾ ਦਰਜ ਕਰ ਕੇ ਉਸਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।