
ਸੀਬੀਆਈ ਵਲੋਂ ਬੇਅਦਬੀ ਕਾਂਡ ਸਬੰਧੀ ਪੇਸ਼ ਕੀਤੀ ਗਈ 'ਕਲੋਜ਼ਰ ਰੀਪੋਰਟ' ਨਾਲ ਜਿਥੇ ਸੱਤਾਧਾਰੀ ਧਿਰ ਸਮੇਤ ਬਾਦਲਾਂ ਅਤੇ ਹੋਰ ਸਿਆਸਤਦਾਨਾਂ ਵਿਰੁਧ ਕਾਫ਼ੀ....
ਕੋਟਕਪੂਰਾ (ਗੁਰਿੰਦਰ ਸਿੰਘ) : ਸੀਬੀਆਈ ਵਲੋਂ ਬੇਅਦਬੀ ਕਾਂਡ ਸਬੰਧੀ ਪੇਸ਼ ਕੀਤੀ ਗਈ 'ਕਲੋਜ਼ਰ ਰੀਪੋਰਟ' ਨਾਲ ਜਿਥੇ ਸੱਤਾਧਾਰੀ ਧਿਰ ਸਮੇਤ ਬਾਦਲਾਂ ਅਤੇ ਹੋਰ ਸਿਆਸਤਦਾਨਾਂ ਵਿਰੁਧ ਕਾਫ਼ੀ ਸਮਾਂ ਚਰਚਾ ਚਲਦੀ ਰਹੀ ਪਰ ਹੁਣ ਬੇਅਦਬੀ ਕਾਂਡ ਨਾਲ ਸਬੰਧਤ ਤਿੰਨ ਡੇਰਾ ਪ੍ਰੇਮੀਆਂ ਵਿਰੁਧ ਫ਼ਰੀਦਕੋਟ ਦੀ ਅਦਾਲਤ ਵਲੋਂ ਦੋਸ਼ ਆਇਦ ਕਰ ਦੇਣ ਨਾਲ ਉਕਤ ਚਰਚਾ ਨੇ ਨਵਾਂ ਰੁਖ਼ ਲੈ ਲਿਆ ਹੈ।
CBI
ਫ਼ਰੀਦਕੋਟ ਦੇ ਵਿਸ਼ੇਸ਼ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਬੇਅਦਬੀ ਕਾਂਡ ਨਾਲ ਸਬੰਧਤ ਕੇਸ ਦੀ ਸੁਣਵਾਈ ਕਰਦਿਆਂ 3 ਡੇਰਾ ਪ੍ਰੇਮੀਆਂ ਕ੍ਰਮਵਾਰ ਸ਼ਕਤੀ ਸਿੰਘ ਡੱਗੋਰੋਮਾਣਾ (ਫਰੀਦਕੋਟ), ਸੁਖਵਿੰਦਰ ਸਿੰਘ ਸੰਨੀ ਕੋਟਕਪੂਰਾ ਤੇ ਮਹਿੰਦਰ ਕੁਮਾਰ ਸੰਗਰੂਰ ਵਿਰੁਧ ਧਾਰਮਕ ਗ੍ਰੰਥ ਦੀ ਬੇਅਦਬੀ ਕਰਨ, ਦੰਗੇ ਭੜਕਾਉਣ ਅਤੇ ਅਸਲਾ ਐਕਟ ਤਹਿਤ ਦਰਜ ਕੇਸਾਂ 'ਚ ਦੋਸ਼ ਆਇਦ ਕਰਨ ਦੇ ਹੁਕਮ ਦਿਤੇ ਹਨ। ਅਦਾਲਤ ਨੇ ਜਾਂਚ ਏਜੰਸੀ ਨੂੰ ਸਬੰਧਤ ਗਵਾਹ 9 ਅਕਤੂਬਰ ਵਾਲੇ ਦਿਨ ਅਦਾਲਤ 'ਚ ਪੇਸ਼ ਕਰਨ ਲਈ ਆਖਿਆ ਹੈ।
IG Ranbir Singh khatra
ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਦਾਅਵਾ ਕੀਤਾ ਸੀ ਕਿ ਡੇਰਾ ਪ੍ਰੇਮੀਆਂ ਮਹਿੰਦਰਪਾਲ ਬਿੱਟੂ, ਸ਼ਕਤੀ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਅਪਣੇ ਘਰਾਂ 'ਚ ਹੀ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਦੀ ਬੇਅਦਬੀ ਕੀਤੀ ਅਤੇ ਡੇਰਾ ਮੁਖੀ ਨੂੰ ਸਜ਼ਾ ਤੋਂ ਬਚਾਉਣ ਲਈ ਪੰਜਾਬ 'ਚ ਕਥਿਤ ਦੰਗੇ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ।
ਸੁਣਵਾਈ ਦੌਰਾਨ ਸ਼ਕਤੀ ਸਿੰਘ, ਸੁਖਵਿੰਦਰ ਸਿੰਘ ਅਤੇ ਮਹਿੰਦਰ ਕੁਮਾਰ ਵੀ ਅਦਾਲਤ 'ਚ ਹਾਜ਼ਰ ਸਨ। ਐਸਆਈਟੀ ਨੇ ਅਦਾਲਤ 'ਚ ਲਿਖਤੀ ਦਾਅਵਾ ਕੀਤਾ ਹੈ ਕਿ ਮਹਿੰਦਰਪਾਲ ਬਿੱਟੂ ਡੇਰੇ ਦਾ ਮੁੱਖ ਪੈਰੋਕਾਰ ਸੀ ਅਤੇ ਉਸ ਦੇ ਖਾਤੇ 'ਚ ਕਥਿਤ 5 ਕਰੋੜ ਰੁਪਏ ਦੀ ਨਕਦੀ ਆਈ ਸੀ। ਇਹ ਪੈਸਾ ਡੇਰਾ ਪ੍ਰੇਮੀਆਂ ਨੂੰ ਦੰਗੇ ਭੜਕਾਉਣ ਲਈ ਵਰਤਿਆ ਜਾਣਾ ਸੀ।