
ਥੜ੍ਹਾ ਸਾਹਿਬ ’ਤੇ ਸੁਸ਼ੋਭਿਤ ਨਿਤਨੇਮ ਵਾਲੇ ਅੰਗ ਪਾੜ ਦਿਤੇ ਅਤੇ ਬਾਅਦ ਵਿਚ ਗੁਰਦੁਆਰਾ ਸਾਹਿਬ ਵਿਚ ਪਿਆ ਪ੍ਰਸਾਦ ਖਾਣ ਤੋਂ ਬਾਅਦ ਥੜ੍ਹਾ ਸਾਹਿਬ ’ਤੇ ਪਿਸ਼ਾਬ ਵੀ ਕਰ ਦਿਤਾ।
ਜ਼ੀਰਾ : ਜ਼ੀਰਾ ਨੇੜਲੇ ਪਿੰਡ ਮੱਲੋਕੇ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਹੀ ਮੁਸਲਮਾਨ ਪਰਵਾਰਾਂ ਨਾਲ ਸਬੰਧਤ ਦੋ 8-9 ਸਾਲ ਦੇ ਨਾਬਾਲਗ਼ ਬੱਚਿਆਂ ਨੇ ਗੁਰਦਵਾਰਾ ਸਾਹਿਬ ਵਿਚ ਦਾਖ਼ਲ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪਏ ਫੁੱਲਾਂ ਵਾਲੇ ਗੁਲਦਸਤੇ ਖਿਲਾਰਨ ਤੋਂ ਬਾਅਦ ਥੜ੍ਹਾ ਸਾਹਿਬ ’ਤੇ ਸੁਸ਼ੋਭਿਤ ਨਿਤਨੇਮ ਵਾਲੇ ਅੰਗ ਪਾੜ ਦਿਤੇ ਅਤੇ ਬਾਅਦ ਵਿਚ ਗੁਰਦੁਆਰਾ ਸਾਹਿਬ ਵਿਚ ਪਿਆ ਪ੍ਰਸਾਦ ਖਾਣ ਤੋਂ ਬਾਅਦ ਥੜ੍ਹਾ ਸਾਹਿਬ ’ਤੇ ਪਿਸ਼ਾਬ ਵੀ ਕਰ ਦਿਤਾ। ਇਹ ਸਾਰੀ ਘਟਨਾ ਗੁਰਦਵਾਰਾ ਸਾਹਿਬ ਦੇ ਲੱਗੇ ਹੋਏ ਕੈਮਰਿਆਂ ਵਿਚ ਕੈਦ ਹੋ ਗਈ ਜਿਸ ਦੀ ਵੀਡੀਉ ਫੈਲਣ ’ਤੇ ਅੱਜ ਭਾਈ ਅਮਰੀਕ ਸਿੰਘ ਅਜਨਾਲਾ ਅਪਣੇ ਸਿੰਘਾਂ ਸਮੇਤ ਪਿੰਡ ਮੱਲੋਕੇ ਦੇ ਉਕਤ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ।
ਉਨ੍ਹਾਂ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਨ ਤੋਂ ਬਾਅਦ ਮਤਾ ਪਾਸ ਕੀਤਾ ਕਿ ਪਿੰਡ ਵਾਸੀਆਂ ਵਲੋਂ ਪਸ਼ਚਾਤਾਪ ਲਈ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਅਤੇ ਨਿਗਰਾਨੀ ਲਈ ਗੁਰਦੁਆਰਾ ਸਾਹਿਬ ਵਿਚ ਪੱਕੇ ਤੌਰ ’ਤੇ ਪਹਿਰੇਦਾਰ ਨਿਯੁਕਤ ਕੀਤਾ ਜਾਵੇ। ਉਨ੍ਹਾਂ ਪਿੰਡ ਵਾਸੀਆਂ ਅਤੇ ਕਮੇਟੀ ਨੂੰ ਕਿਹਾ ਕਿ ਉਹ ਅਚਾਨਕ ਆ ਕੇ ਚੈਕਿੰਗ ਕਰ ਸਕਦੇ ਹਨ। ਜੇਕਰ ਪਹਿਰੇਦਾਰੀ ਵਿਚ ਅਣਗਹਿਲੀ ਵਰਤੀ ਗਈ ਤਾਂ ਉਹ ਗੁਰਦੁਆਰਾ ਸਾਹਿਬ ਵਿਚੋਂ ਗੁਰੂ ਸਾਹਿਬ ਦੇ ਸਰੂਪ ਲੈ ਜਾਣਗੇ। ਇਸ ਮੌਕੇ ਪਹੁੰਚੇ ਡੀ.ਐਸ.ਪੀ. ਜ਼ੀਰਾ ਨਰਿੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨਗੇ। ਇਸ ਮੌਕੇ ਬਚਨ ਸਿੰਘ ਐਸ. ਐਚ. ਓ. ਥਾਣਾ ਸਦਰ ਜ਼ੀਰਾ, ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਗੁਰਦੁਆਰਾ ਕਮੇਟੀ ਦੇ ਸੈਕਟਰੀ ਗੁਰਤੇਜ ਸਿੰਘ ਸੁੱਖਾ, ਜਸਪਾਲ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਆਦਿ ਹਾਜ਼ਰ ਸਨ।