
ਕੀ ਪਾਰਲੀਮੈਂਟ ਵਿਚ ਸ਼੍ਰੋਮਣੀ ਅਕਾਲੀ ਦਲ ਖੇਤੀ ਆਰਡੀਨੈਸਾਂ ਦਾ ਵਿਰੋਧ ਕਰੇਗਾ, ਪੰਚਾਇਤ ਮੰਤਰੀ ਨੇ ਪੁੱਛਿਆ
ਚੰਡੀਗੜ੍ਹ: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ ਕਿ ਉਹ ਇਧਰ-ਉਧਰ ਦੀਆਂ ਗੱਲਾਂ ਕਰਨ ਦੀ ਥਾਂ ਸੂਬੇ ਦੇ ਲੋਕਾਂ ਨੂੰ ਇਹ ਸਪਸ਼ਟ ਕਰਨ ਕਿ ਉਹ ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂ ਉੱਤੇ ਲਿਆਂਦੇ ਗਏ ਆਰਡੀਨੈਸਾਂ ਨੂੰ ਕਿਸਾਨ ਪੱਖੀ ਸਮਝਦੇ ਹਨ ਜਾਂ ਕਿਸਾਨ ਮਾਰੂ। ਉਹਨਾਂ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਸਪਸ਼ਟ ਕਰਨ ਲਈ ਕਿਹਾ ਕਿ ਆਗਾਮੀ ਪਾਰਲੀਮੈਂਟ ਸੈਸ਼ਨ ਦੌਰਾਨ ਉਹਨਾਂ ਦੀ ਪਾਰਟੀ ਇਹਨਾਂ ਆਰਡੀਨੈਸਾਂ ਦੇ ਹੱਕ ਵਿਚ ਭੁਗਤੇਗੀ ਜਾਂ ਵਿਰੋਧ ਕਰੇਗੀ।
Sukhbir Singh Badal
ਬਾਜਵਾ ਨੇ ਇਥੋਂ ਜਾਰੀ ਕੀਤੇ ਗਏ ਆਪਣੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਅਜੇ ਵੀ ਮੋਮੋਠਗਣੀਆਂ ਗੱਲਾਂ ਕਰ ਕੇ ਇਹਨਾਂ ਕਿਸਾਨ ਮਾਰੂ ਆਰਡੀਨੈਂਸਾਂ ਉੱਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਚੰਗੀ ਤਰਾਂ ਪਤਾ ਹੈ ਕਿ ਇਹ ਆਰਡੀਨੈਂਸ ਪਾਰਲੀਮੈਂਟ ਵਿਚ ਇਸੇ ਸੈਸ਼ਨ ਦੌਰਾਨ ਅਤੇ ਇਸੇ ਰੂਪ ਵਿਚ ਪੇਸ਼ ਕੀਤੇ ਜਾਣੇ ਹਨ।
Punjab Farmer
ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਖ਼ਦਸ਼ੇ ਦੂਰਕਰਨ ਤੋਂ ਬਾਅਦ ਹੀ ਇਹਨਾਂ ਆਰਡੀਨੈਂਸਾਂ ਨੂੰ ਪੇਸ਼ ਕਰਨ ਦੀ ਅਪੀਲ ਦਾ ਢੌਂਗ ਰਚਣ ਦੀ ਥਾਂ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਉਹਨਾਂ ਦੀ ਪਾਰਟੀ ਇਹਨਾਂ ਵਿਚ ਕੋਈ ਸੋਧ ਪ੍ਰਸਤਾਵ ਪੇਸ਼ ਕਰੇਗੀ ਜਾਂ ਇਹਨਾਂ ਦਾ ਵਿਰੋਧ ਕਰੇਗੀ ਅਤੇ ਜਾਂ ਫਿਰ ਆਪਣੇ ਪੁਰਾਣੇ ਸਟੈਂਡ ਅਨੁਸਾਰ ਇਹਨਾਂ ਨੂੰ ਕਿਸਾਨ ਹਿਮਾਇਤੀ ਦਸ ਕੇ ਇਸ ਦੇ ਹੱਕ ਵਿਚ ਭੁਗਤੇਗੀ।
Shiromani Akali Dal
ਪੰਚਾਇਤ ਮੰਤਰੀ ਨੇ ਕਿਹਾ ਕਿ ਦਰਅਸਲ ਸੁਖਬੀਰ ਸਿੰਘ ਬਾਦਲ ਨੂੰ ਪਹਿਲੇ ਦਿਨ ਤੋਂ ਹੀ ਇਹ ਸਪਸ਼ਟ ਸੀ ਕਿ ਇਹ ਆਰਡੀਨੈਂਸ ਕਿਸਾਨੀ ਲਈ ਮਾਰੂ ਸਾਬਤ ਹੋਣ ਦੇ ਨਾਲ ਨਾਲ ਸੂਬਿਆਂ ਦੇ ਅਧਿਕਾਰਾਂ ਉੱਤੇ ਵੀ ਡਾਕਾ ਮਾਰਦੇ ਹਨ। ਪਰ ਉਹ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਬਚਾਉਣ ਦੀ ਖ਼ਾਤਰ ਕਿਸਾਨੀ ਹਿੱਤਾਂ ਅਤੇ ਪੰਜਾਬ ਨਾਲ ਨੰਗੀ ਚਿੱਟੀ ਗਦਾਰੀ ਕਰ ਕੇ ਇਹਨਾਂ ਆਰਡੀਨੈਸਾਂ ਨੂੰ ਬੜੀ ਹੀ ਢੀਠਤਾਈ ਨਾਲ ਕਿਸਾਨਾਂਲਈ ਫਾਇਦੇਮੰਦ ਗਰਦਾਨਦੇ ਆ ਰਹੇ ਹਨ।
Parkash Badal and Sukhbir Singh Badal
ਉਹਨਾਂ ਕਿਹਾ ਕਿ ਆਪਣੇ ਝੂਠ ਨੂੰ ਸੱਚ ਬਣਾਉਣ ਲਈ ਸੁਖਬੀਰ ਸਿੰਘ ਬਾਦਲ ਨੇ ਆਪਣੇ ਬਜ਼ੁਰਗ ਪਿਤਾ ਪ੍ਰਕਾਸ਼ ਸਿੰਘ ਬਾਦਲ ਤੋਂ ਆਰਡੀਨੈਂਸਾਂ ਦੇ ਹੱਕ ਵਿਚ ਬਿਆਨ ਦਵਾ ਕੇ ਉਹਨਾਂ ਦਾ ਬਚਿਆ ਖੁੱਚਿਆ ਵਕਾਰ ਵੀ ਦਾਅ ਉੱਤੇ ਲਾ ਦਿੱਤਾ।
ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਆਰਡੀਨੈਸਾਂ ਉੱਤੇ ਲਿਆ ਗਿਆ ਨਵਾਂ ਪੈਂਤੜਾ ਲੋਕ ਰੋਹ ਤੋਂ ਡਰਦਿਆਂ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਰਚਿਆ ਗਿਆ ਇਕ ਨਵਾਂ ਢੌਂਗ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਿਚ ਨਿੱਜੀ ਅਤੇ ਪਰਿਵਾਰਕ ਹਿੱਤਾਂ ਤੋਂ ਉਪਰ ਉੱਠ ਕੇ ਪੰਜਾਬ ਅਤੇ ਕਿਸਾਨੀ ਹਿੱਤਾਂ ਲਈ ਲੜਣ ਦਾ ਮਾਦਾ ਹੀ ਨਹੀਂ ਹੈ।
Tripat Rajinder Singh Bajwa
ਪੰਚਾਇਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਧਾਰਾ 370 ਖ਼ਤਮ ਕਰਨ, ਰਾਜ ਦਾ ਦਰਜਾ ਖ਼ਤਮ ਕਰ ਕੇ ਜੰਮੂ ਕਸ਼ਮੀਰ ਨੂੰ ਕੇਂਦਰੀ ਸਾਸ਼ਤ ਪ੍ਰਦੇਸ਼ ਬਣਾਉਣ ਅਤੇ ਸਿਟੀਜ਼ਨ ਅਮੈਂਡਮੈਂਟ ਐਕਟ ਵਰਗੇ ਲੋਕ ਖਾਸ ਕਰ ਕੇ ਘਟਗਿਣਤੀ ਵਿਰੋਧੀ ਕਾਨੂੰਨਾਂ ਦੇ ਹੱਕ ਵਿਚ ਭੁਗਤਣ ਦੀ ਤਰਾਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦਾ ਪਿਛਲੱਗ ਬਣਕੇ ਇਹਨਾਂ ਖੇਤੀ ਆਰਡੀਨੈਸਾਂ ਦੇ ਵੀ ਹੱਕ ਵਿਚ ਹੀ ਵੋਟ ਪਾਉਣੀ ਹੈ।