
ਚੰਡੀਗੜ੍ਹ ਯੂਨੀਵਰਸਿਟੀ ਵਿਖੇ 15 ਅਕਤੂਬਰ ਨੂੰ ਤਿੱਬਤੀ ਆਗੂ ਦਲਾਈ ਲਾਮਾ 'ਗੁਰੂ ਨਾਨਕ ਦੇਵ ਜੀ ਦੇ ਸੰਦਰਭ ਵਿਚ ਆਧੁਨਿਕ ਸਿਖਿਆ ਵਿਚ ਧਰਮ ਨਿਰਪੱਖ ਕਦਰਾਂ ਕੀਮਤਾਂ' ਵਿਸ਼ੇ...
ਐੱਸ. ਏ. ਐੱਸ. ਨਗਰ (ਅਮਰਜੀਤ ਰਤਨ) : ਚੰਡੀਗੜ੍ਹ ਯੂਨੀਵਰਸਿਟੀ ਵਿਖੇ 15 ਅਕਤੂਬਰ ਨੂੰ ਤਿੱਬਤੀ ਆਗੂ ਦਲਾਈ ਲਾਮਾ 'ਗੁਰੂ ਨਾਨਕ ਦੇਵ ਜੀ ਦੇ ਸੰਦਰਭ ਵਿਚ ਆਧੁਨਿਕ ਸਿਖਿਆ ਵਿਚ ਧਰਮ ਨਿਰਪੱਖ ਕਦਰਾਂ ਕੀਮਤਾਂ' ਵਿਸ਼ੇ 'ਤੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕਰਨਗੇ ਜਿਸ ਦੌਰਾਨ ਦਲਾਈ ਲਾਮਾ ਵਿਦਿਆਰਥੀਆਂ ਨਾਲ ਆਧੁਨਿਕ ਸਿਖਿਆ, ਵਾਤਾਵਰਣ, ਅਹਿੰਸਾ, ਮਨੁੱਖ ਅਧਿਕਾਰਾਂ ਸਬੰਧੀ ਅਪਣੇ ਵਿਚਾਰ ਤੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਨਗੇ।
Dalai Lama
ਇਸ ਦੌਰਾਨ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਬਾਬੇ ਨਾਨਕ ਦੇ ਵਿਚਾਰਾਂ ਦਾ ਆਧੁਨਿਕ ਸਿਖਿਆ ਵਿੱਚ ਮਹੱਤਵ, ਉਨ੍ਹਾਂ ਦੀਆਂ ਸਿੱਖਿਆਵਾਂ ਸਬੰਧੀ ਵਿਦਿਆਰਥੀਆਂ ਦੇ ਰੂਬਰੂ ਹੋਣਗੇ। ਜ਼ਿਕਰਯੋਗ ਹੈ ਕਿ 14ਵੇਂ ਦਲਾਈ ਲਾਮਾ (ਤੇਨਜ਼ਿਨ ਗਿਆਤਸੋ) ਤਿੱਬਤ ਦੇ ਰਾਸ਼ਟਰ ਮੁਖੀ ਤੇ ਆਗੂ ਹਨ। ਦਲਾਈ ਲਾਮਾ ਤਿੱਬਤੀ ਬੋਧੀਆਂ ਦੇ ਨਵੀਨਤਮ ਸਕੂਲ ਗੇਲੁਗ ਦੇ ਭਿਕਸ਼ੂ ਹੁੰਦੇ ਹਨ। ਉਨ੍ਹਾਂ ਨੂੰ 1989 ਵਿਚ ਨੋਬਲ ਅਮਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ
ਤੇ ਉਨ੍ਹਾਂ ਨੂੰ ਤਿੱਬਤ ਦੇ ਅੰਦਰ ਤੇ ਬਾਹਰ ਤਿੱਬਤੀਆਂ ਲਈ ਪੂਰੀ ਜ਼ਿੰਦਗੀ ਵਕਾਲਤ ਕਰਨ ਲਈ ਜਾਣਿਆ ਜਾਂਦਾ ਹੈ। 14ਵੇਂ ਦਲਾਈ ਲਾਮਾ ਨੇ ਵਿਸ਼ਵ ਸ਼ਾਂਤੀ ਲਈ ਮਨੁੱਖੀ ਪਹੁੰਚ ਅਪਣਾਏ ਤੇ ਅਪਣਾ ਪੂਰਾ ਜੀਵਨ ਅੰਤਰ-ਧਾਰਮਕ ਸਦਭਾਵਨਾ ਤੇ ਸਮਝ ਨੂੰ ਉਤਸ਼ਾਹਤ ਕਰਨ ਲਈ ਸਮਰਪਤ ਕੀਤਾ ਹੈ। ਉਨ੍ਹਾਂ ਨੇ ਵੱਖ ਵੱਖ ਦੇਸ਼ਾਂ ਦੀਆਂ ਯਾਤਰਾਵਾਂ ਦੌਰਾਨ ਅਹਿੰਸਾ, ਅਧਿਕਾਰਾਂ, ਬੁੱਧ ਧਰਮ ਤੇ ਵਿਗਿਆਨ ਬਾਰੇ ਅਪਣੇ ਅਹਿਮ ਵਿਚਾਰ ਦੁਨੀਆਂ ਸਾਹਮਣੇ ਰੱਖੇ ਹਨ ਤੇ ਨਾਲ ਹੀ, ਉਨ੍ਹਾਂ ਨੇ ਵਾਤਾਵਰਣ ਦੀ ਬਿਹਤਰੀ, ਅੰਤਰ-ਧਰਮ ਸੰਵਾਦ, ਜਣਨ ਸਿਹਤ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ। ਪਵਿੱਤ੍ਰਤਾਈ ਦਲਾਈ ਲਾਮਾ ਅਨੁਸਾਰ ਵਾਤਾਵਰਣ ਦੇ ਸੰਕਟ ਤੇ ਹਿੰਸਕ ਟਕਰਾਵਾਂ ਦੇ ਹੱਲ ਧਰਮ ਨਿਰਪੱਖ ਨੈਤਿਕਤਾ ਵਿਚ ਹਨ।
Chandighar Univercity
ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਰ.ਐਸ. ਬਾਵਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 'ਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਦਲਾਈ ਲਾਮਾ ਵਰਗੇ ਸ਼ਾਂਤੀ ਤੇ ਅਹਿੰਸਾ ਦੇ ਪ੍ਰਤੀਕ ਸਖ਼ਸ਼ੀਅਤ ਵਿਦਿਆਰਥੀਆਂ ਦੇ ਰੂਬਰੂ ਹੋ ਕੇ ਅਪਣੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਇਹ ਇਕ ਚੰਗਾਂ ਸਮਾਂ ਹੈ ਕਿ ਉਹ ਦਲਾਈ ਲਾਮਾ ਦੇ ਤਜ਼ਰਬਿਆਂ, ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਅਪਣੀ ਜ਼ਿੰਦਗੀ ਵਿਚ ਇਕ ਚੰਗੀ ਸਖ਼ਸ਼ੀਅਤ ਉਸਾਰੀ, ਸਿੱਖਿਆ ਤੇ ਅਪਣੇ ਮੁਕਾਮਾਂ ਨੂੰ ਹਾਸਲ ਕਰਨ ਲਈ ਬਹੁਤ ਕੁੱਝ ਗ੍ਰਹਿਣ ਕਰ ਸਕਦੇ ਹਨ।