
ਹੁਣ ਸਾਬਕਾ ਫ਼ੌਜੀ ਵੀ ਕਿਸਾਨਾਂ ਦੇ ਹੱਕ 'ਚ ਨਿੱਤਰੇ
ਸ਼ੰਭੂ: ਦੇਸ਼ ਦੇ ਸਾਬਕਾ ਫ਼ੌਜੀਆਂ ਨੇ ਵੀ ਹੁਣ ਕਿਸਾਨਾਂ ਦੇ ਹੱਕ ਵਿਚ ਨਿੱਤਰਨ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸ਼ੰਭੂ ਮੋਰਚੇ 'ਚ ਪੁੱਜੇ ਸੇਵਾਮੁਕਤ ਫ਼ੌਜੀ ਬਹਾਦਰ ਸਿੰਘ ਰੰਗੀ ਨੇ ਦਿੱਤੀ। ਇਸ ਮੌਕੇ ਉਹਨਾਂ ਨੇ ਮੋਬਾਇਲ ਰਿਕਾਰਰਿੰਗ ਰਾਹੀਂ ਸਾਬਕਾ ਫ਼ੌਜੀਆਂ ਦੇ ਬੱਬਰ ਸ਼ੇਰ ਮੰਨੇ ਜਾਂਦੇ ਮੇਜਰ ਸਤਵੀਰ ਸਿੰਘ ਦਾ ਸੁਨੇਹਾ ਵੀ ਕਿਸਾਨਾਂ ਨੂੰ ਸੁਣਾਇਆ, ਜਿਸ ਵਿਚ ਉਹਨਾਂ ਨੇ ਖੇਤੀ ਕਾਨੂੰਨਾਂ ਦਾ ਜਮ ਕੇ ਵਿਰੋਧ ਕੀਤਾ ਅਤੇ ਸਾਰੇ ਸਾਬਕਾ ਫ਼ੌਜੀਆਂ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਦਾ ਭਰੋਸਾ ਦਿੱਤਾ।
Bahadur Singh Rangi
ਮੋਰਚੇ 'ਚ ਪੁੱਜੇ ਸੇਵਾਮੁਕਤ ਫ਼ੌਜੀ ਬਹਾਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਲੀਡਰ ਅਤੇ ਫੌਜੀਆਂ ਦੇ ਬੱਬਰ ਸ਼ੇਰ ਮੇਜਰ ਸਤਵੀਰ ਸਿੰਘ ਦੀ ਇਕ ਆਵਾਜ਼ ਨਾਲ ਸਾਰੇ ਪੰਜਾਬ, ਹਰਿਆਣਾ ਅਤੇ ਦੇਸ਼ ਦੇ ਸਾਬਕਾ ਫੌਜੀ ਇਕੱਠੇ ਹੋ ਸਕਦੇ ਹਨ।
Bahadur Singh Rangi
ਮੇਜਰ ਸਤਵੀਰ ਸਿੰਘ ਨੇ ਕਿਹਾ ਕਿ 'ਕਿਸਾਨਾਂ ਦੇ ਮੋਰਚੇ ਵਿਚ ਬਹਾਦਰ ਸਿੰਘ ਰੰਗੀ ਸਮੇਤ ਕਈ ਸਾਬਕਾ ਫੌਜੀ ਸ਼ਾਮਲ ਹੋਏ ਹਨ। ਮੈਂ ਮੇਜਰ ਜਨਰਲ ਸਤਵੀਰ ਸਿੰਘ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਨਵੇਂ ਖੇਤੀ ਕਾਨੂੰਨਾਂ ਦਾ ਸਾਰੇ ਸਾਬਕਾ ਸੈਨਿਕ ਵਿਰੋਧ ਕਰਦੇ ਹਨ। ਅਸੀਂ ਤੁਹਾਡੇ ਨਾਲ ਹਾਂ। 70 ਫੀਸਦੀ ਤੋਂ ਜ਼ਿਆਦਾ ਸੇਵਾਮੁਕਤ ਸੈਨਿਕ ਖੇਤੀ ਕਰਦੇ ਹਨ'।
Farmer
ਉਹਨਾਂ ਅੱਗੇ ਕਿਹਾ ਕਿ ਇਹ ਕਾਨੂੰਨ ਕਿਸਾਨ ਨੂੰ ਹੋਰ ਗਰੀਬ ਅਤੇ ਅਮੀਰਾਂ ਦਾ ਗੁਲਾਮ ਬਣਾ ਦੇਣਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਕਾਨੂੰਨ ਜਲਦ ਤੋਂ ਜਲਦ ਵਾਪਸ ਲੈਣੇ ਚਾਹੀਦੇ ਹਨ ਜਾਂ ਫਿਰ ਇਸ ਵਿਚ ਜ਼ਰੂਰੀ ਸੋਧ ਕਰਕੇ ਇਸ ਨੂੰ ਕਿਸਾਨਾਂ ਦੇ ਹੱਕ ਵਿਚ ਬਣਾਇਆ ਜਾਵੇ।
Farmer Protest
ਉਹਨਾਂ ਕਿਹਾ ਕਿ ਇਹ ਗਲਤ ਗੱਲ ਹੈ ਕਿ ਕਿਸਾਨ ਕੋਈ ਵੀ ਸ਼ਿਕਾਇਤ ਲੈ ਕੇ ਅਦਾਲਤ ਕੋਲ ਨਹੀਂ ਜਾ ਸਕਦਾ। ਉਹਨਾਂ ਕਿਹਾ ਸੰਵਿਧਾਨ ਵਿਚ ਸਭ ਤੋਂ ਪਹਿਲਾਂ ਇਹ ਲਿਖਿਆ ਗਿਆ ਹੈ ਕਿ ਇਨਸਾਫ ਸਾਡਾ ਹੱਕ ਹੈ ਅਤੇ ਆਵਾਜ਼ ਉਠਾਉਣਾ ਵੀ ਸਾਡਾ ਹੱਕ ਹੈ। ਉਸ ਨੂੰ ਸਾਡੇ ਕੋਲੋਂ ਖੋਹਿਆ ਜਾ ਰਿਹਾ ਹੈ। ਸਾਨੂੰ ਸਾਰਿਆਂ ਨੂੰ ਸ਼ਾਂਤਮਈ ਤਰੀਕੇ ਨਾਲ ਆਵਾਜ਼ ਚੁੱਕਣੀ ਚਾਹੀਦੀ ਹੈ। ਉਹਨਾਂ ਅਖੀਰ ਵਿਚ ਕਿਹਾ ਕਿ ਸਾਰੇ ਸਾਬਕਾ ਸੈਨਿਕ ਤਨ, ਮਨ ਧੰਨ ਨਾਲ ਕਿਸਾਨਾਂ ਦੇ ਨਾਲ ਹਨ।