
ਸਰਹੱਦੀ ਪਿੰਡ ਦੇ ਵਿਅਕਤੀ ਨੇ 25 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਬਦਲੇ ਕੀਤੀ ਮਦਦ
ਅੰਮ੍ਰਿਤਸਰ: ਪਾਕਿਸਤਾਨ ਜਾਣ ਦੀ ਯੋਜਨਾ ਬਣਾ ਰਹੇ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅਟਾਰੀ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਬੰਗਲਾਦੇਸ਼ੀ ਅਟਾਰੀ ਸਰਹੱਦ 'ਤੇ ਬਣੀ ਇੰਟੈਗਰੇਟਿਡ ਚੈੱਕ ਪੋਸਟ (ਆਈ.ਸੀ.ਪੀ.) ਦੀ ਉੱਚੀ ਕੰਧ 'ਤੇ ਚੜ੍ਹ ਗਏ ਸਨ ਅਤੇ ਬੀ.ਐਸ.ਐਫ. ਦੇ ਧਿਆਨ ਤੋਂ ਬਚਣ ਲਈ ਲੁਕ ਗਏ ਸਨ ਅਤੇ ਸਹੀ ਸਮੇਂ ਦੀ ਤਲਾਸ਼ ਕਰ ਰਹੇ ਸਨ। ਇਸ ਕੰਮ ਵਿਚ ਸਰਹੱਦੀ ਪਿੰਡ ਦੇ ਇਕ ਵਿਅਕਤੀ ਨੇ ਵੀ ਉਨ੍ਹਾਂ ਦਾ ਸਾਥ ਦਿਤਾ।
ਮਿਲੀ ਜਾਣਕਾਰੀ ਅਨੁਸਾਰ 11 ਨਾਗਰਿਕਾਂ ਵਿਚ ਤਿੰਨ ਮਹਿਲਾਵਾਂ ਅਤੇ ਤਿੰਨ ਬੱਚੇ ਵੀ ਸ਼ਾਮਲ ਹਨ। ਇਹ ਸਾਰੇ ਪਾਕਿਸਤਾਨ ਘੁੰਮਣ ਜਾਣਾ ਚਾਹੁੰਦੇ ਸਨ ਪਰ ਇਨ੍ਹਾਂ ਕੋਲ ਨਾ ਤਾਂ ਪੈਸੇ ਸਨ ਅਤੇ ਨਾ ਹੀ ਜ਼ਰੂਰੀ ਦਸਤਾਵੇਜ਼ ਸਨ, ਜਿਨ੍ਹਾਂ ਜ਼ਰੀਏ ਇਹ ਪਾਕਿਸਤਾਨ ਜਾ ਸਕਦੇ ਸਨ। ਜਾਣਕਾਰੀ ਮੁਤਾਬਕ ਇਹ ਸਾਰੇ ਬੁਧਵਾਰ ਨੂੰ ਅੰਮ੍ਰਿਤਸਰ ਪਹੁੰਚੇ ਅਤੇ ਰੀਟਰੀਟ ਸੈਰਮਨੀ ਵੇਖਣ ਲਈ ਅਟਾਰੀ ਸਰਹੱਦ ਤੇ ਚਲੇ ਗਏ।
ਇਨ੍ਹਾਂ ਨੇ ਦਸਿਆ ਕਿ ਅਟਾਰੀ ਸਰਹੱਦ ’ਤੇ ਉਨ੍ਹਾਂ ਨੂੰ ਇਕ ਵਿਅਕਤੀ ਮਿਲਿਆ ਜਿਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ 25 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਬਦਲੇ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਉਕਤ ਵਿਅਕਤੀ ਨੇ ਉਨ੍ਹਾਂ ਕੋਲੋਂ ਪੈਸੇ ਲਏ ਅਤੇ ਰਾਤ 8 ਵਜੇ ਦੇ ਕਰੀਬ ਉਨ੍ਹਾਂ ਨੂੰ ਡਿਫੈਂਸ ਲਾਈਨ ਕੋਲ ਬਣੇ ਬੰਕਰਾਂ ਵਿਚ ਲੁਕੋ ਦਿਤਾ। ਇਸ ਤੋਂ ਬਾਅਦ 12.30 ਵਜੇ ਦੇ ਕਰੀਬ ਸਾਰੇ ਬੰਗਲਾਦੇਸ਼ੀ ਬੰਕਰਾਂ ਦੇ ਵਿਚੋਂ ਨਿਕਲ ਕੇ ਰੋੜਾ ਵਾਲਾ ਪਿੰਡ ਦੇ ਕੋਲ ਆਈ.ਸੀ.ਪੀ. ਵੱਲ ਪਹੁੰਚ ਗਏ। ਇਸ ਤੋਂ ਬਾਅਦ ਉਹ ਇਕ-ਦੂਜੇ ਨੂੰ 11 ਫੁੱਟ ਉੱਚੀ ਕੰਧ ਟਪਾਉਣ ਲੱਗੇ। ਇਸ ਦੌਰਾਨ ਇਕ ਗਰਭਵਤੀ ਔਰਤ ਦਾ ਕੰਧ ਟੱਪਣ ਦੌਰਾਨ ਗਰਭਪਾਤ ਵੀ ਹੋ ਗਿਆ। ਕੰਧ ਟੱਪਣ ਤੋਂ ਬਾਅਦ ਸਾਰੇ ਬੰਗਲਾਦੇਸ਼ੀ ਆਈ.ਸੀ.ਪੀ. ਵਿਚ ਹੀ ਲੁਕੇ ਰਹੇ, ਇਸ ਦੌਰਾਨ ਬੀ.ਐਸ.ਐਫ. ਦੀ ਨਜ਼ਰ ਉਨ੍ਹਾਂ ’ਤੇ ਪੈ ਗਈ ਅਤੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬੀ.ਐਸ.ਐਫ. ਇਸ ਨੂੰ ਮਨੁੱਖੀ ਤਸਕਰੀ ਦਾ ਮਾਮਲਾ ਦੇਖਦੇ ਹੋਏ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।