
ਮੋਗਾ ਜ਼ਿਲ੍ਹੇ ਵਿਚ ਸੋਮਵਾਰ ਸ਼ਾਮ ਨੂੰ ਇਕ ਮਨੀ ਐਕਸਚੇਂਜਰ ਕੰਪਨੀ ਦੇ ਕਰਮਚਾਰੀ ‘ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਕੇ ਅਣਪਛਾਤੇ ਬਦਮਾਸ਼...
ਮੋਗਾ (ਪੀਟੀਆਈ) : ਮੋਗਾ ਜ਼ਿਲ੍ਹੇ ਵਿਚ ਸੋਮਵਾਰ ਸ਼ਾਮ ਨੂੰ ਇਕ ਮਨੀ ਐਕਸਚੇਂਜਰ ਕੰਪਨੀ ਦੇ ਕਰਮਚਾਰੀ ‘ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਕੇ ਅਣਪਛਾਤੇ ਬਦਮਾਸ਼ ਨੇ ਸਕੂਟੀ ਲੁੱਟ ਲਈ। ਇਸ ਦੀ ਡਿੱਗੀ ਵਿਚ ਪੰਜ ਲੱਖ ਰੁਪਏ ਵੀ ਸਨ। ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਫੁਟੇਜ ਵੇਖਣ ਤੋਂ ਬਾਅਦ ਪਤਾ ਲੱਗਿਆ ਕਿ ਮੂੰਹ ‘ਤੇ ਰੁਮਾਲ ਬੰਨ੍ਹ ਕੇ ਇਕ ਨੌਜਵਾਨ ਨੇ ਸਕੂਟੀ ਸਵਾਰ ਵਿਅਕਤੀ ‘ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿਤਾ।
Robberyਮੁਲਾਜ਼ਮ ਸਕੂਟਰੀ ਘੁਮਾ ਕੇ ਭਜਾਉਣ ਲਗਾ ਤਾਂ ਹੜਬੜਾਹਟ ਵਿਚ ਉਹ ਸਕੂਟੀ ਸਮੇਤ ਹੇਠਾਂ ਡਿੱਗ ਗਿਆ। ਇਨ੍ਹੇ ਵਿਚ ਬਦਮਾਸ਼ ਸਕੂਟੀ ਲੈ ਕੇ ਫਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਕਸਬਾ ਬਾਘਾ ਪੁਰਾਣਾ ਦੇ ਸੁਰੇਸ਼ ਕੁਮਾਰ ਸੇਤੀਆ ਜਿਸ ਦੀ ਕਸਬੇ ਦੇ ਮੁਦਕੀ ਰੋਡ ‘ਤੇ ਸੇਤੀਆ ਮਨੀ ਐਕਸਚੇਂਜਰ ਦੀ ਦੁਕਾਨ ਹੈ। ਸੋਮਵਾਰ ਸ਼ਾਮ ਨੂੰ ਉਸ ਨੇ ਅਪਣੀ ਦੁਕਾਨ ਦੇ ਮੁਲਾਜ਼ਮ ਗੁਰ ਪ੍ਰਕਾਸ਼ ਨੂੰ ਦੁਕਾਨ ਤੋਂ ਕੁੱਝ ਦੂਰੀ ‘ਤੇ ਸਥਿਤ ਐਕਸਿਸ ਬੈਂਕ ਵਿਚੋਂ ਨੌਂ ਲੱਖ ਰੁਪਏ ਕਢਵਾਉਣ ਲਈ ਭੇਜਿਆ ਸੀ।
ਕੈਸ਼ਿਅਰ ਨੇ ਗੁਰ ਪ੍ਰਕਾਸ਼ ਨੂੰ ਦੋ ਪੈਕੇਟ ਦੋ-ਦੋ ਹਜ਼ਾਰ ਦੇ ਨੋਟਾਂ ਦੇ ਦਿਤੇ ਸਨ। ਉਸ ਨੇ ਪੈਂਟ ਦੀ ਜੇਬ ਵਿਚ ਚਾਰ ਲੱਖ ਰੁਪਏ ਰੱਖ ਲਏ ਸਨ, ਜਦੋਂ ਕਿ ਬਾਕੀ ਬਚੇ ਪੰਜ ਲੱਖ ਸਕੂਟੀ ਦੀ ਡਿੱਕੀ ਵਿਚ ਰੱਖ ਕੇ ਦੁਕਾਨ ਵੱਲ ਨੂੰ ਜਾ ਰਿਹਾ ਸੀ। ਗਊਸ਼ਾਲਾ ਦੇ ਨਜ਼ਦੀਕ ਪਹਿਲਾਂ ਤੋਂ ਹੀ ਮੂੰਹ ‘ਤੇ ਰੁਮਾਲ ਬੰਨ੍ਹ ਕੇ ਖੜੇ ਅਣਪਛਾਤੇ ਲੁਟੇਰੇ ਨੇ ਸਕੂਟੀ ਸਵਾਰ ‘ਤੇ ਤੇਜਧਾਰ ਹਥਿਆਰ ਨਾਲ ਹਮਲਾ ਕੀਤਾ ਪਰ ਉਹ ਬਚ ਗਿਆ। ਹਮਲਾਵਰ ਤੋਂ ਬਚਨ ਲਈ ਸਕੂਟੀ ਨੂੰ ਪਿੱਛੇ ਵੱਲ ਮੋੜਨ ਲਗਾ ਤਾਂ ਬੇਕਾਬੂ ਹੋ ਕੇ ਉਹ ਸੜਕ ‘ਤੇ ਜਾ ਡਿਗਿਆ।
ਇਸ ਤੋਂ ਬਾਅਦ ਅਣਪਛਾਤਾ ਲੁਟੇਰਾ ਸਕੂਟੀ ਨੂੰ ਲੈ ਕੇ ਫਰਾਰ ਹੋ ਗਿਆ। ਪੀੜਿਤ ਦਾ ਕਹਿਣਾ ਹੈ ਕਿ ਪੰਜ ਲੱਖ ਰੁਪਏ ਵੀ ਸਕੂਟੀ ਦੇ ਨਾਲ ਹੀ ਚਲੇ ਗਏ। ਉੱਧਰ ਇਸ ਘਟਨਾ ਤੋਂ ਬਾਅਦ ਲੋਕ ਇਕੱਠਾ ਹੋ ਗਏ, ਉਥੇ ਹੀ ਗੁਰ ਪ੍ਰਕਾਸ਼ ਦੇ ਮਾਲਿਕ ਸੁਰੇਸ਼ ਸੇਤੀਆ ਨੂੰ ਇਸ ਸਬੰਧ ਵਿਚ ਜਾਣਕਾਰੀ ਦਿਤੀ ਗਈ। ਨਾਲ ਹੀ ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਡੀਐਸਪੀ ਬਾਘਾ ਪੁਰਾਣਾ ਰਣਜੋਧ ਸਿੰਘ ਅਤੇ ਐਸਐਚਓ ਜਸੰਵਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ।
ਉਨ੍ਹਾਂ ਨੇ ਗੁਰ ਪ੍ਰਕਾਸ਼ ਤੋਂ ਹਾਦਸੇ ਦੀ ਜਾਣਕਾਰੀ ਲੈਣ ਤੋਂ ਬਾਅਦ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈਕ ਕੀਤੀ। ਐਸਐਚਓ ਜਸੰਵਤ ਸਿੰਘ ਨੇ ਕਿਹਾ ਕਿ ਪੁਲਿਸ ਪਾਰਟੀ ਦੋਸ਼ੀ ਦੀ ਤਲਾਸ਼ ਵਿਚ ਛਾਪੇਮਾਰੀ ਕਰ ਰਹੀ ਹੈ।