
ਰੋਜ਼ਾਨਾ ਵੱਡੀ ਗਿਣਤੀ ਸੰਗਤ ਪਹੁੰਚ ਰਹੀ ਹੈ ਸ਼ੋਅ ਦੇਖਣ
ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਵਿਖੇ ਸਥਾਪਤ ਰਬਾਬ ਪੰਡਾਲ ਵਿੱਚ ਕਰਵਾਏ ਜਾ ਰਹੇ ਗ੍ਰੈਂਡ ਲਾਈਟ ਐਂਡ ਸਾਊਂਡ ਸ਼ੋਅ ਦੀ ਸੰਗਤਾਂ ਵਲੋਂ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ੋਆਂ ਦੌਰਾਨ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਸਾਖੀਆਂ ਨੂੰ ਰੌਸ਼ਨੀਆਂ ਅਤੇ ਆਵਾਜ਼ ਦੇ ਸੁਮੇਲ ਨਾਲ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ ਜਾ ਰਿਹਾ ਹੈ।
550th Parkash Purb: Historic Light and Sound Show
ਰੌਸ਼ਨੀਆਂ ਅਤੇ ਧੁਨੀ ਆਧਾਰਤ ਇਨ੍ਹਾਂ ਸ਼ੋਆਂ ਵਿਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਹਾਜ਼ਰੀ ਲਵਾਉਣ ਪਹੁੰਚ ਰਹੇ ਹਨ ਅਤੇ ਬਾਬਾ ਨਾਨਕ ਦੇ ਜੀਵਨ ਨਾਲ ਸਬੰਧਤ ਪ੍ਰੇਰਕ ਪ੍ਰਸੰਗਾਂ ਨੂੰ ਸੁਣ ਕੇ ਨਿਹਾਲ ਹੋ ਰਹੇ ਹਨ। ਆਸਟ੍ਰੇਲੀਆ ਤੋਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿਚ ਸ਼ਿਰਕਤ ਕਰਨ ਇਥੇ ਪੁੱਜੇ ਪਿੰਡ ਮਾਛੀਜੋਆ ਦੇ ਵਸਨੀਕ ਹਰਿਵੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗ੍ਰੈਂਡ ਲਾਈਟ ਐਂਡ ਸਾਊਂਡ ਸ਼ੋਅ ਦੇਖ ਕੇ ਬਹੁਤ ਹੀ ਵਧੀਆ ਲੱਗਿਆ ਅਤੇ ਗੁਰੂ ਸਾਹਿਬ ਦੇ ਜੀਵਨ ਅਤੇ ਫਲਸਫੇ ਬਾਰੇ ਜਾਨਣ ਦਾ ਮੌਕਾ ਮਿਲਿਆ।
Grand light and sound show leaving audience spellbound
ਕਪੂਰਥਲਾ ਦੇ ਵਸਨੀਕ ਕੁਲਦੀਪ ਸਿੰਘ, ਜੋ ਕਿ ਆਪਣੇ ਪਰਵਾਰ ਸਮੇਤ ਗ੍ਰੈਂਡ ਲਾਈਟ ਐਂਡ ਸਾਊਂਡ ਸ਼ੋਅ ਦੇਖਣ ਪਹੁੰਚੇ ਸਨ, ਨੇ ਕਿਹਾ ਕਿ ਇਸ ਸ਼ੋਅ ਰਾਹੀਂ ਉਨ੍ਹਾਂ ਨੂੰ ਗੁਰੂ ਸਾਹਿਬ ਨਾਲ ਜੁੜੇ ਇਤਿਹਾਸ ਬਾਰੇ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸ਼ੋਅ ਸਮੇਂ-ਸਮੇਂ ਉਤੇ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਵਿਰਸੇ ਨਾਲ ਜੁੜੀ ਰਹੇ। ਜਲੰਧਰ ਤੋਂ ਆਏ ਵਿਦਿਆਰਥੀ ਸ਼ੁਭਪ੍ਰੀਤ ਅਤੇ ਤਰਨਤਾਰਨ ਤੋਂ ਪ੍ਰੁੱਜੇ ਸਤਵਿੰਦਰ ਸਿੰਘ ਨੇ ਗ੍ਰੈਂਡ ਲਾਈਟ ਐਂਡ ਸ਼ੋਅ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਥੇ ਆ ਕੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੇ ਪ੍ਰੇਰਕ ਪ੍ਰਸੰਗ ਦੇਖਣ ਨੂੰ ਮਿਲੇ।
ਜ਼ਿਕਰਯੋਗ ਹੈ ਕਿ ਗ੍ਰੈਂਡ ਲਾਈਟ ਐਂਡ ਸਾਊਂਡ ਸ਼ੋਅ ਵਿਚ ਆਵਾਜ਼ ਅਤੇ ਧੁਨੀਆਂ ਦੇ ਸੁਮੇਲ ਨਾਲ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਅਹਿਮ ਘਟਨਾਵਾਂ ਨੂੰ ਪੇਸ਼ ਕਰਨ ਤੋਂ ਇਲਾਵਾ ਮੰਨੇ-ਪ੍ਰਮੰਨੇ ਕਲਾਕਾਰਾਂ ਨੇ ਵੀ ਹਾਜ਼ਰੀ ਲਵਾਈ। ਜਿਥੇ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਸੂਫੀ ਕਲਾਮ ਗਾ ਕੇ ਸ਼ਰਧਾਲੂਆਂ ਨੂੰ ਕੀਲ੍ਹ ਕੇ ਰੱਖ ਦਿੱਤਾ ਉਥੇ ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਨੇ ਧਾਰਮਕ ਗੀਤ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਹ ਸ਼ੋਅ 15 ਨਵੰਬਰ ਤਕ ਚੱਲਣਗੇ ਅਤੇ 14 ਤੇ 15 ਨਵੰਬਰ ਨੂੰ ਲਾਈਟ ਐਂਡ ਸਾਊਂਡ ਪ੍ਰੋਗਰਾਮ ਤੋਂ ਬਾਅਦ ਪੰਮਾ ਡੂੰਮੇਵਾਲ ਵਲੋਂ ਧਾਰਮਕ ਗਾਇਨ ਨਾਲ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।