
ਹੁਣ ਗੱਡੀਆਂ ਦੇ ਫ਼ੈਂਸੀ ਨੰਬਰ ਆਨ ਲਾਈਨ ਮਿਲਣਗੇ : ਰਜ਼ੀਆ ਸੁਲਤਾਨਾ
ਚੰਡੀਗੜ੍ਹ, 12 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਲੋਕ-ਪੱਖੀ ਪਹਿਲਕਦਮੀ ਤਹਿਤ, ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਰਿਜ਼ਰਵਡ ਨੰਬਰਾਂ (ਫ਼ੈਂਸੀ ਨੰਬਰ) ਲਈ ਇਕ ਉਪਭੋਗਤਾ ਪੱਖੀ ਈ-ਆਕਸ਼ਨ ਨੀਤੀ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਆਮ ਲੋਕਾਂ ਨੂੰ ਰਜਿਸਟਰਿੰਗ ਅਥਾਰਟੀ ਦੇ ਦਫ਼ਤਰ ਜਾਣ ਤੋਂ ਛੋਟ ਮਿਲੇਗੀ ਅਤੇ ਉਹ ਅਪਣੇ ਘਰ ਤੋਂ ਇਸ ਪ੍ਰਕਿਰਿਆ ਵਿਚ ਸ਼ਾਮਲ ਹੋ ਸਕਣਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਇਹ ਇਕ ਮਹੱਤਵਪੂਰਨ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਰਾਖਵੇਂ ਨੰਬਰਾਂ (ਫ਼ੈਂਸੀ ਨੰਬਰਾਂ) ਦੀ ਈ-ਆਕਸ਼ਨ ਵੈਬ ਐਪਲੀਕੇਸ਼ਨ 'ਵਾਹਨ 4.0' ਰਾਹੀਂ ਕੀਤੀ ਜਾਵੇਗੀ ਜੋ ਭਾਰਤ ਸਰਕਾਰ ਵਲੋਂ ਡਿਜਾਇਨ ਅਤੇ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸਾਰੇ ਰਾਖਵੇਂ ਨੰਬਰਾਂ ਨੂੰ ਜਨਤਕ ਤੌਰ 'ਤੇ 24 ਘੰਟੇ ਅਤੇ ਸੱਤੋ ਦਿਨ ਉਪਲਬਧ ਕਰਵਾਉਣ ਹਿੱਤ ਇਹ ਨਵੀਂ ਉਪਭੋਗਤਾ ਅਨੁਕੂਲ ਈ-ਨਿਲਾਮੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਈ- ਨਿਲਾਮੀ ਵਿਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਹਰ ਐਤਵਾਰ ਨੂੰ ਤਿੰਨ ਦਿਨਾਂ (ਐਤਵਾਰ ਤੋਂ ਮੰਗਲਵਾਰ) ਲਈ ਖੁਲ੍ਹੀ ਰਹੇਗੀ।
ਇਨ੍ਹਾਂ ਨੰਬਰਾਂ ਦੀ ਬੋਲੀ ਅਗਲੇ ਦੋ ਦਿਨਾਂ (ਬੁਧਵਾਰ ਅਤੇ ਵੀਰਵਾਰ ) ਨੂੰ ਲਗਾਈ ਜਾ ਸਕੇਗੀ। ਸਫ਼ਲ ਬੋਲੀਕਾਰ ਅਗਲੇ ਦੋ ਦਿਨਾਂ ਭਾਵ ਸਨਿਚਰਵਾਰ ਅੱਧੀ ਰਾਤ ਤਕ ਆਨਲਾਈਨ ਈ-ਨਿਲਾਮੀ ਪਲੇਟਫਾਰਮ 'ਤੇ ਅਦਾਇਗੀ ਕਰਨਗੇ।
ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਹਰੇਕ ਰਾਖਵੇਂ ਨੰਬਰ ਲਈ 1000 ਰੁਪਏ ਦੀ ਨਾ-ਮੋੜਣਯੋਗ ਰਜਿਸਟ੍ਰੇਸ਼ਨ ਫ਼ੀਸ ਹੋਵੇਗੀ ਅਤੇ ਬੋਲੀ ਪ੍ਰਕਿਰਿਆ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ, ਸਫ਼ਲ ਅਤੇ ਅਸਫ਼ਲ ਬੋਲੀਕਾਰਾਂ ਦੇ ਨਤੀਜੇ 'ਵਾਹਨ 4.0' ਦੀ ਵੈਬਸਾਈਟ 'ਤੇ ਅਪਲੋਡ ਕੀਤੇ ਜਾਣਗੇ ਅਤੇ ਸਫ਼ਲ ਬੋਲੀਕਾਰਾਂ ਨੂੰ ਐਸ.ਐਮ.ਐਸ. ਅਤੇ ਈਮੇਲ ਰਾਹੀਂ ਸੂਚਿਤ ਵੀ ਕੀਤਾ ਜਾਵੇਗਾ।
ਈ-ਨਿਲਾਮੀ ਵਿਚ ਐਕਟਿਵ ਸੀਰੀਜ਼ ਦੇ ਰਿਜ਼ਰਵਡ ਨੰਬਰ ਪੂਰਾ ਸਾਲ ਬੋਲੀ ਲਈ ਉਪਲਬਧ ਰਹਿਣਗੇ। ਇਸ ਪ੍ਰਕਿਰਿਆ ਸਬੰਧੀ ਵਿਸਥਾਰਤ ਨੋਟੀਫ਼ੀਕੇਸ਼ਨ www.punjabtransport.org 'ਤੇ ਉਪਲਬਧ ਹੈ।