
ਕੇਂਦਰ ਸਰਕਾਰ ਨੇ 2,65,080 ਕਰੋੜ ਰੁਪਏ ਦੇ 12 ਐਲਾਨ ਕੀਤੇ
ਨਵੀਂ ਦਿੱਲੀ, 12 ਨਵੰਬਰ: ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਕਾਰਨ ਆਰਥਕਤਾ ਉੱਤੇ ਪੈ ਰਹੇ ਪ੍ਰਭਾਵ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੀਰਵਾਰ ਨੂੰ 'ਆਤਮ-ਨਿਰਭਰ ਭਾਰਤ 3.0' ਪੈਕੇਜ ਦਾ ਐਲਾਨ ਕੀਤਾ। ਇਸ ਰਾਹਤ ਪੈਕੇਜ ਤਹਿਤ ਕੇਂਦਰ ਸਰਕਾਰ ਨੇ 2,65,080 ਕਰੋੜ ਰੁਪਏ ਦੇ 12 ਐਲਾਨ ਕੀਤੇ।
ਆਤਮ ਨਿਰਭਰ ਭਾਰਤ ਰੁਜ਼ਗਾਰ ਯੋਜਨਾ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਤਮ-ਨਿਰਭਰ ਭਾਰਤ ਰੁਜ਼ਗਾਰ ਯੋਜਨਾ ਦਾ ਐਲਾਨ ਕੀਤਾ। ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਕਰਮਚਾਰੀ ਈਪੀਐਫ਼ਓ ਨਾਲ ਜੁੜਨਗੇ ਅਤੇ ਪੀਐਫ਼ ਦਾ ਲਾਭ ਲੈ ਸਕਣਗੇ। ਇਸ ਨਾਲ ਸੰਗਠਤ ਖੇਤਰ ਵਿਚ ਵਧੇਰੇ ਰੁਜ਼ਗਾਰ ਮਿਲੇਗਾ।
ਜਿਹੜੇ ਕਰਮਚਾਰੀ ਪਹਿਲਾਂ ਪੀਐਫ਼ ਲਈ ਰਜਿਸਟਰਡ ਨਹੀਂ ਸਨ ਅਤੇ ਜਿਨ੍ਹਾਂ ਦੀ ਤਨਖ਼ਾਹ 15 ਹਜ਼ਾਰ ਤੋਂ ਘੱਟ ਹੈ, ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਸ ਦੇ ਲਈ, ਕੰਪਨੀ ਨੂੰ ਈਪੀਐਫ਼ਓ ਨਾਲ ਰਜਿਸਟਰ ਹੋਣਾ ਪਵੇਗਾ। ਜਿਨ੍ਹਾਂ ਕੋਲ ਅਗਸਤ ਤੋਂ ਸਤੰਬਰ ਤਕ ਨੌਕਰੀ ਨਹੀਂ ਸੀ ਪਰ ਬਾਅਦ ਵਿਚ ਪੀਐਫ਼ ਨਾਲ ਜੁੜੇ ਹਨ ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ। ਇਹ ਯੋਜਨਾ 30 ਜੂਨ 2021 ਤਕ ਲਾਗੂ ਰਹੇਗੀ।
ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਨੂੰ ਰਾਹਤ: ਸਰਕਾਰ ਨੇ ਕਿਹਾ ਹੈ ਕਿ ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਕੰਪਨੀਆਂ ਨੂੰ ਹੁਣ ਪੰਜ ਤੋਂ 10 ਫ਼ੀਸਦੀ ਦੀ ਬਜਾਏ ਇਕਰਾਰਨਾਮੇ ਲਈ ਪ੍ਰਦਰਸ਼ਨ ਸੁਰੱਖਿਆ ਵਜੋਂ ਸਿਰਫ਼ ਤਿੰਨ ਫ਼ੀਸਦੀ ਪੈਸਾ ਲਗਾਉਣਾ ਪਵੇਗਾ।
ਇਹ ਰਾਹਤ 31 ਦਸੰਬਰ 2021 ਤਕ ਜਾਰੀ ਰਹੇਗੀ।
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੁਜ਼ਗਾਰ ਯੋਜਨਾ ਤਹਿਤ 10 ਹਜ਼ਾਰ ਕਰੋੜ ਦੀ ਵਾਧੂ ਰਕਮ: ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ 10 ਹਜ਼ਾਰ ਕਰੋੜ ਰੁਪਏ ਦੀ ਵਾਧੂ ਵਿਵਸਥਾ ਕੀਤੀ ਗਈ ਹੈ। ਇਹ ਮਨਰੇਗਾ ਜਾਂ ਪਿੰਡ ਦੀ ਸੜਕ ਯੋਜਨਾ ਲਈ ਵਰਤੀ ਜਾ ਸਕਦੀ ਹੈ। ਇਸ ਨਾਲ ਪੇਂਡੂ ਅਰਥਚਾਰੇ ਨੂੰ ਫਾਇਦਾ ਹੋਵੇਗਾ।
ਨਿਰਯਾਤ ਵਧਾਉਣ ਦੀ ਦਿਸ਼ਾ ਵਿਚ ਚੁੱਕੇ ਕਦਮ: ਦੇਸ਼ ਵਿਚ ਨਿਰਯਾਤ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਐਕਿਜਮ ਬੈਂਕ ਨੂੰ ਲਾਈਨ ਆਫ਼ ਕ੍ਰੈਡਿਟ ਦੇਵੇਗੀ। ਇਸ ਤਹਿਤ imageਲਾਈਨ ਆਫ਼ ਕ੍ਰੈਡਿਟ ਦੇ ਰੂਪ ਵਿਚ ਐਕਜਿਮ ਬੈਂਕ ਨੂੰ 3000 ਕਰੋੜ ਰੁਪਏ ਦਿਤੇ ਜਾਣਗੇ।
ਕੋਵਿਡ ਟੀਕੇ ਲਈ 900 ਕਰੋੜ: ਕੋਵਿਡ ਟੀਕੇ ਦੀ ਖੋਜ ਲਈ ਕੋਇਡ ਸੇਫਟੀ ਮਿਸ਼ਨ ਤਹਿਤ ਬਾਇਓਟੈਕਨਾਲੋਜੀ ਵਿਭਾਗ ਨੂੰ 900 ਕਰੋੜ ਅਲਾਟ ਕੀਤੇ ਜਾਣਗੇ। ਤਾਂ ਜੋ ਟੀਕੇ ਦੀ ਖੋਜ ਕੀਤੀ ਜਾ ਸਕੇ। ਇਹ ਖ਼ਰਚਾ ਸਿਹਤ ਮੰਤਰਾਲੇ ਤੋਂ ਇਲਾਵਾ ਹੋਵੇਗਾ।
ਦਸਣਯੋਗ ਹੈ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ, ਭਾਰਤੀ ਅਰਥ-ਵਿਵਸਥਾ ਵਿਚ 23.9 ਪ੍ਰਤੀਸ਼ਤ ਦਾ ਜ਼ਬਰਦਸਤ ਸੁੰਗੜਾਅ ਹੋਇਆ ਸੀ। ਇਸ ਦੇ ਨਾਲ ਹੀ, ਕਈ ਸਰਵੇਖਣਾਂ ਨੇ ਮੌਜੂਦਾ ਵਿੱਤੀ ਵਰ੍ਹੇ ਵਿਚ ਦੇਸ਼ ਦੀ ਆਰਥਕਤਾ ਵਿਚ 10 ਫ਼ੀਸਦੀ ਤੋਂ ਵੀ ਜ਼ਿਆਦਾ ਦੇ ਸੁੰਗੜਨ ਦਾ ਅਨੁਮਾਨ ਲਗਾਇਆ ਹੈ। (ਏਜੰਸੀ)