ਆਮ ਆਦਮੀ ਪਾਰਟੀ (ਆਪ) ਦੇ ਯੂਥ ਵਿੰਗ ਨੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਦੀ ਅਗਵਾਈ 'ਚ ਪੰਜਾਬ ਵਿਧਾਨ ਸਭਾ...
ਚੰਡੀਗੜ੍ਹ (ਸਸਸ) : ਆਮ ਆਦਮੀ ਪਾਰਟੀ (ਆਪ) ਦੇ ਯੂਥ ਵਿੰਗ ਨੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਦੀ ਅਗਵਾਈ 'ਚ ਪੰਜਾਬ ਵਿਧਾਨ ਸਭਾ ਦੇ ਬਾਹਰ ਹੱਥਾਂ 'ਚ ਤਖ਼ਤੀਆਂ ਫੜ੍ਹ ਕੇ ਉਨ੍ਹਾਂ ਨੌਜਵਾਨਾਂ ਨੂੰ ਸ਼ਰਧਾਂਜਲੀਆਂ ਦਿਤੀਆਂ ਜੋ ਸਰਕਾਰੀ ਸ਼ਹਿ ਥੱਲੇ ਚੱਲਦੇ ਨਸ਼ੇ ਮਾਫ਼ੀਆ ਕਾਰਨ ਅਪਣੀਆਂ ਜਾਨਾਂ ਗੁਆ ਬੈਠੇ ਸਨ।
'ਆਪ' ਯੂਥ ਵਿੰਗ ਨੇ ਨੌਜਵਾਨਾਂ ਤੋਂ ਇਲਾਵਾ ਆਤਮ ਹੱਤਿਆਵਾਂ ਲਈ ਮਜਬੂਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੀ ਸ਼ਰਧਾਂਜਲੀਆਂ ਦਿੰਦੇ ਹੋਏ ਯਾਦ ਕੀਤਾ ਅਤੇ ਸਰਕਾਰਾਂ ਦੀਆਂ ਵਾਅਦਾ-ਖਿਲਾਫੀਆਂ ਨੂੰ ਕੋਸਿਆ।
ਇਸ ਤੋਂ ਬਿਨਾਂ 'ਆਪ' ਯੂਥ ਵਿੰਗ ਨੇ ਟਰੈਫ਼ਿਕ ਪ੍ਰਬੰਧਾਂ ਅਤੇ ਬੁਨਿਆਦੀ ਢਾਂਚੇ ਦੀ ਕਮੀ ਅਤੇ ਸੱਤਾਧਾਰੀਆਂ ਦੀਆਂ ਤੇਜ਼ ਸਪੀਡ ਬੱਸਾਂ ਅਤੇ ਉਵਰਲੋਡਿਡ ਟਿਪਰ-ਟਰੱਕਾਂ ਥੱਲੇ ਕੁਚਲ ਕੇ ਮਾਰੇ ਜਾਣ ਵਾਲੇ ਪ੍ਰਤੀ ਸਾਲ ਸੈਂਕੜੇ ਲੋਕਾਂ ਨੂੰ ਸ਼ਰਧਾਂਜਲੀਆਂ ਦੇ ਕੇ ਸਰਕਾਰ ਦੇ ਕੰਨ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਸੈਸ਼ਨ ਦਾ ਸ਼ਰਧਾਂਜਲੀ ਸਮਾਰੋਹ ਨਾਲ ਅੱਜ ਹੀ ਆਗਾਜ਼ ਹੋਇਆ ਹੈ।
ਮਨਜਿੰਦਰ ਸਿੰਘ ਸਿੱਧੂ ਨਾਲ ਅੱਜ ਕੁਲਜਿੰਦਰ ਸਿੰਘ ਢੀਂਡਸਾ, ਅੰਮ੍ਰਿਤਪਾਲ ਸਿੰਘ ਸਿੱਧੂ, ਸੁਖਾਨੰਦ, ਅਮਨ ਮੋਹੀ, ਰਸ਼ਪਿੰਦਰ ਸਿੰਘ ਫ਼ਤਿਹਗੜ੍ਹ ਸਾਹਿਬ, ਸਲਿੰਦਰ ਸਿੰਘ, ਅਮਿੰਦਰ ਸਿੰਘ ਜੱਸੋਵਾਲ, ਸਤਵੀਰ ਬਖਸ਼ੀਵਾਲਾ, ਲਖਵੀਰ ਸਿੰਘ ਔਜਲਾ ਆਦਿ ਯੂਥ ਆਗੂ ਸ਼ਾਮਲ ਸਨ।