
ਬਾਗੀ ਟਕਸਾਲੀ ਅਕਾਲੀ ਆਗੂ ਸਮਾਨਤਰ ਸਮਾਗਮ ਕਰਨ ਦੇ ਰੌਂਅ 'ਚ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਲੋਂ ਅਪਣਾ ਸਥਾਪਨਾ ਦਿਵਸ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਭਲਕੇ 14 ਦਸਬੰਰ ਨੂੰ ਸ਼੍ਰੋਮਣੀ ਅਕਾਲੀ ਦਲ 99 ਸਾਲ ਦਾ ਹੋ ਜਾਵੇਗਾ। ਪਾਰਟੀ ਵਲੋਂ ਸਥਾਪਨਾ ਦਿਵਸ ਮਨਾਉਣ ਲਈ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ। ਇਸੇ ਦਿਨ ਪਾਰਟੀ ਦੇ ਜਨਰਲ ਇਜਲਾਸ ਦੌਰਾਨ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ।
Photo
ਇਸੇ ਦੌਰਾਨ ਕੁੱਝ ਬਾਗੀ ਟਕਸਾਲੀ ਅਕਾਲੀ ਆਗੂਆਂ ਨੇ ਮੌਜੂਦਾ ਲੀਡਰਸ਼ਿਪ ਵਿਰੁਧ ਅਪਣੇ ਪਰ ਤੋਲਣੇ ਸ਼ੁਰੂ ਕਰ ਦਿਤੇ ਹਨ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਆਗੂਆਂ ਨੇ ਵੱਖਰਾ ਸਮਾਗਮ ਕਰਨ ਦੀ ਤਿਆਰੀ ਖਿੱਚ ਲਈ ਹੈ। ਸਮਾਗਮ ਕਰਨ ਪਿਛੇ ਇਨ੍ਹਾਂ ਦਾ ਮਕਸਦ ਅਕਾਲੀ ਦਲ 'ਤੇ ਅਪਣਾ ਹੱਕ ਜਿਤਾਉਣਾ ਹੈ।
Photo
ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਜਥੇਬੰਦੀ ਦੇ ਪ੍ਰਧਾਨ ਰਹੇ ਬਾਬਾ ਖੜਕ ਸਿੰਘ ਤੇ ਜਥੇਦਾਰ ਮੋਹਨ ਸਿੰਘ ਤੁੜ ਨੇ ਪਾਰਟੀ ਅਤੇ ਪੰਥ ਦੀ ਬਿਹਤਰੀ ਲਈ ਸਖ਼ਤ ਘਾਲਨਾਵਾਂ ਘਾਲੀਆਂ ਸਨ। ਪਰ ਜਦੋਂ ਦਾ ਅਕਾਲੀ ਦਲ ਇਕ ਪਰਵਾਰ ਦੇ ਕਬਜ਼ੇ ਹੇਠ ਆਇਆ ਹੈ, ਉਦੋਂ ਤੋਂ ਇਸ ਵਿਚ ਨਿਘਾਰ ਆਉਣਾ ਸ਼ੁਰੂ ਹੋਇਆ ਹੈ। ਆਗੂਆਂ ਅਨੁਸਾਰ ਅਜੋਕੇ ਸਮੇਂ ਪਾਰਟੀ ਅਤੇ ਪੰਥ ਦੀ ਬਿਹਤਰੀ ਦੀ ਗੱਲ ਕਰਨ ਵਾਲਿਆਂ ਦੀ ਜਾਂ ਤਾਂ ਕੋਈ ਸੁਣਵਾਈ ਨਹੀਂ ਹੁੰਦੀ ਜਾਂ ਉਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ ਜਾਂਦਾ ਹੈ। ਇਸ ਕਾਰਨ ਪੰਥਕ ਸੋਚ ਵਾਲੇ ਜ਼ਿਆਦਾਤਰ ਆਗੂ ਜਾਂ ਤਾਂ ਚੁੱਪ ਕਰ ਕੇ ਬੈਠ ਗਏ ਹਨ ਜਾਂ ਕਿਸੇ ਨਵੇਂ ਪਲੇਟ ਫਾਰਮ ਬਣਨ ਦੀ ਉਡੀਕ ਵਿਚ ਹਨ। ਦੂਜੇ ਪਾਸੇ ਬਹੁਤੇ ਆਗੂ ਅਪਣੇ ਹੱਕ ਲਈ ਸੰਘਰਸ਼ ਕਰਨ ਦੇ ਰੌਂਅ ਵਿਚ ਹਨ।
Photo
ਆਗੂਆਂ ਨੇ ਗਿੱਲਾ ਕੀਤਾ ਕਿ ਮੌਜੂਦਾ ਸਮੇਂ ਪਾਰਟੀ ਦੇ ਸਵਿਧਾਨ ਨਾਲ ਛੇੜਛਾੜ ਕਰਦਿਆਂ ਇਸ ਨੂੰ ਪੰਜਾਬੀ ਪਾਰਟੀ ਬਣਾ ਦਿਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦਲ ਦੀ ਸਥਾਪਨਾ ਇਕ ਪੰਥਕ ਸੋਚ ਨੂੰ ਸਾਹਮਣੇ ਰੱਖ ਦੇ ਕੀਤੀ ਗਈ ਸੀ। ਪੰਜਾਬੀ ਪਾਰਟੀ ਬਣਨ ਨਾਲ ਇਸ ਸੋਚ ਨੂੰ ਖੋਰਾ ਲੱਗਾ ਹੈ, ਜਿਸ ਕਾਰਨ ਕਾਬਜ਼ ਧਿਰ ਨੂੰ ਇਸ 99 ਸਾਲਾ ਸਥਾਪਨਾ ਦਿਵਸ ਮਨਾਉਣ ਦਾ ਕੋਈ ਅਧਿਕਾਰ ਨਹੀਂ ਹੈ।