
ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਕੇ ਮੋਹਾਲੀ ਦੀ ਹਰਨਾਜ਼ ਕੌਰ ਸੰਧੂ ਨੇ ਦੁਨੀਆਂ ਭਰ ਵਿਚ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਚੰਡੀਗੜ੍ਹ (ਅਮਨਪ੍ਰੀਤ ਕੌਰ): ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਕੇ ਮੋਹਾਲੀ ਦੀ ਹਰਨਾਜ਼ ਕੌਰ ਸੰਧੂ ਨੇ ਦੁਨੀਆਂ ਭਰ ਵਿਚ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਹਰਨਾਜ਼ ਕੌਰ ਦੇ ਘਰ ਵਿਚ ਖੁਸ਼ੀ ਦਾ ਮਾਹੌਲ ਹੈ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਹਰਨਾਜ਼ ਕੌਰ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਅਪਣੀ ਧੀ ਦੀ ਇਸ ਪ੍ਰਾਪਤੀ ’ਤੇ ਬਹੁਤ ਮਾਣ ਹੈ। ਉਹ ਬਹੁਤ ਖੁਸ਼ ਹਨ ਅਤੇ ਇਸ ਖੁਸ਼ੀ ਨੂੰ ਉਹ ਜ਼ੋਰਾਂ-ਸ਼ੋਰਾਂ ਨਾਲ ਮਨਾਉਣਗੇ।
Harnaaz Kaur's Mother
ਹਰਨਾਜ਼ ਦੇ ਮਾਤਾ ਨੇ ਦੱਸਿਆ ਕਿ ਹਰਨਾਜ਼ ਨੇ ਹਮੇਸ਼ਾਂ ਅਪਣਾ ਮਕਸਦ ਸਪੱਸ਼ਟ ਰੱਖਿਆ ਅਤੇ ਉਹ ਅਪਣੇ ਖਾਣ-ਪੀਣ ਅਤੇ ਹੋਰ ਗੱਲਾਂ ਦਾ ਖਾਸ ਖਿਆਲ ਰੱਖਦੇ ਹਨ। ਉਹ ਅਪਣੇ ਉਦੇਸ਼ ਪ੍ਰਾਪਤ ਕਰਨ ਲਈ ਪੂਰੀ ਲਗਨ ਨਾਲ ਕੰਮ ਕਰਦੇ ਹਨ। ਉਹਨਾਂ ਦੱਸਿਆ ਕਿ ਜਦੋਂ ਮਿਸ ਯੂਨੀਵਰਸ ਦਾ ਨਤੀਜਾ ਐਲਾਨਿਆ ਗਿਆ ਤਾਂ ਉਹ ਗੁਰਦੁਆਰਾ ਸਾਹਿਬ ਵਿਚ ਸਨ ਅਤੇ ਇਹ ਖ਼ਬਰ ਸੁਣ ਕੇ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਇਸ ਤੋਂ ਬਾਅਦ ਪਰਿਵਾਰ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।
Harnaaz Kaur's Father
ਉਹਨਾਂ ਦੱਸਿਆ ਕਿ ਹਰਨਾਜ਼ ਨੂੰ ਖਾਣਾ ਬਣਾਉਣ ਅਤੇ ਲਿਖਣ ਦਾ ਬਹੁਤ ਸ਼ੌਂਕ ਹੈ। ਇਸ ਤੋਂ ਇਲ਼ਾਵਾ ਹਰਨਾਜ਼ ਦੇ ਪਿਤਾ ਵੀ ਕਵਿਤਾਵਾਂ ਆਦਿ ਲਿਖਦੇ ਹਨ। ਹਰਨਾਜ਼ ਦਾ ਭਰਾ ਇਕ ਮਿਊਜ਼ਿਕ ਕੰਪੋਜ਼ਰ ਹੈ, ਜੋ ਕਿ ਆਉਣ ਵਾਲੇ ਸਮੇਂ ਵਿਚ ਹਰਨਾਜ਼ ਨਾਲ ਫਿਲਮਾਂ ਵੀ ਕਰਨਗੇ। ਹਰਨਾਜ਼ ਦੇ ਪਿਤਾ ਵੀ ਅਪਣੇ ਕਾਲਜ ਸਮੇਂ ਦੌਰਾਨ ਭੰਗੜਾ ਟੀਮ ਦਾ ਹਿੱਸਾ ਰਹੇ ਹਨ, ਇਸ ਲਈ ਉਹਨਾਂ ਨੇ ਕਦੀ ਵੀ ਅਪਣੀ ਧੀ ਨੂੰ ਇਸ ਖੇਤਰ ਵਿਚ ਅੱਗੇ ਵਧਣ ਤੋਂ ਨਹੀਂ ਰੋਕਿਆ। ਉਹਨਾਂ ਦਾ ਕਹਿਣਾ ਹੈ ਕਿ ਉਹ ਅਪਣੀ ਧੀ ਦੇ ਹਰ ਫੈਸਲੇ ਵਿਚ ਉਸ ਦਾ ਸਾਥ ਦੇਣਗੇ।
Harnaaz Kaur Sandhu
ਹਰਨਾਜ਼ ਕੌਰ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਅਪਣੀ ਭੈਣ ’ਤੇ ਬਹੁਤ ਮਾਣ ਹੈ ਅਤੇ ਅਸੀਂ ਹਰਨਾਜ਼ ਦਾ ਚੰਡੀਗੜ੍ਹ ਆਉਣ ’ਤੇ ਸ਼ਾਨਦਾਰ ਸਵਾਗਤ ਕਰਾਂਗੇ। ਉਹਨਾਂ ਦੱਸਿਆ ਕਿ ਉਹ ਭਵਿੱਖ ਦੇ ਹਰ ਫੈਸਲੇ ਵਿਚ ਹਰਨਾਜ਼ ਦਾ ਸਾਥ ਦੇਣਗੇ। ਪਰਿਵਾਰ ਨੂੰ ਬੇਸਬਰੀ ਨਾਲ ਹਰਨਾਜ਼ ਕੌਰ ਦੇ ਭਾਰਤ ਆਉਣ ਦਾ ਇੰਤਜ਼ਾਰ ਹੈ।
Harnaaz Kaur's Brother
ਦੱਸ ਦਈਏ ਕਿ ਹਰਨਾਜ਼ ਕੌਰ ਦਾ ਪਰਿਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਹਾਲੀ ਨਾਲ ਸਬੰਧ ਰੱਖਦਾ ਹੈ। ਹਰਨਾਜ਼ ਦੀ ਇਸ ਪ੍ਰਾਪਤੀ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਵਿਚ ਵਿਆਹ ਵਰਗਾ ਮਾਹੌਲ ਹੈ। ਹਰਨਾਜ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹਨਾਂ ਦੇ ਪਰਿਵਾਰ ’ਚੋਂ ਕੋਈ ਇਸ ਮੁਕਾਮ ’ਤੇ ਪਹੁੰਚੇਗਾ। ਉਹਨਾਂ ਦਾ ਕਹਿਣਾ ਹੈ ਕਿ ਹਰਨਾਜ਼ ਕਾਰਨ ਹੁਣ ਪਿੰਡ ਕੋਹਾਲੀ ਦਾ ਨਾਮ ਪੂਰੀ ਦੁਨੀਆਂ ਵਿਚ ਜਾਣਿਆ ਜਾਵੇਗਾ।