ਗੈਂਗਸਟਰ ਸ਼ੇਰਾ ਖੁੱਬਣ ਦੇ ਐਨਕਾਊਂਟਰ ਵਿਚ ਨਿਭਾਈ ਸੀ ਅਹਿਮ ਭੂਮਿਕਾ
ਚੰਡੀਗੜ੍ਹ: ਫਰਵਰੀ 2014 ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਨ ਵਾਲੇ 2009 ਬੈਚ ਦੇ ਪੰਜਾਬ ਕਾਡਰ ਦੇ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਕੁਲਦੀਪ ਸਿੰਘ ਨੇ ਗੈਂਗਸਟਰ ਸ਼ੇਰਾ ਖੁੱਬਣ ਦੇ ਐਨਕਾਊਂਟਰ ਵਿਚ ਅਹਿਮ ਭੂਮਿਕਾ ਨਿਭਾਈ ਸੀ। ਕੁਲਦੀਪ ਚਾਹਲ ਨੇ ਹੀ 2014 ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਸੀ, ਉਸ ਸਮੇਂ ਉਹ ਐਸਪੀ ਅਬੋਹਰ ਵਜੋਂ ਤਾਇਨਾਤ ਸਨ। ਬੀਤੇ ਦਿਨ ਕੁਲਦੀਪ ਸਿੰਘ ਚਾਹਲ ਨੂੰ ਚੰਡੀਗੜ੍ਹ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਦੇ ਅਹੁਦੇ ਤੋਂ ਅਚਾਨਕ ਫਾਰਗ ਕਰ ਦਿੱਤਾ ਗਿਆ। ਪੰਜਾਬ ਦੇ ਰਾਜਪਾਲ-ਕਮ-ਯੂਟੀ ਪ੍ਰਸ਼ਾਸਕ ਨੇ ਉਹਨਾਂ ਨੂੰ ਪੰਜਾਬ ਕਾਡਰ ਵਿਚ ਵਾਪਸ ਭੇਜ ਦਿੱਤਾ।
1981 ਨੂੰ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਝਾਨਾ ਪਿੰਡ ਵਿਚ ਪੈਦਾ ਹੋਏ ਕੁਲਦੀਪ ਚਾਹਲ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਹ ਆਪਣੇ ਵੱਡੇ ਭਰਾ ਸੁਰੇਸ਼ ਕੁਮਾਰ ਨਾਲ ਪੰਚਕੂਲਾ ਚਲੇ ਗਏ ਅਤੇ ਪੰਜਾਬ ਯੂਨੀਵਰਸਿਟੀ ਤੋਂ ਹਿਸਟਰੀ ਦੀ ਐਮਏ ਕੀਤੀ। ਇਸ ਦੌਰਾਨ ਹੀ ਉਹਨਾਂ ਨੇ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕੀਤੀ।
2005 ਵਿਚ ਉਹ ਚੰਡੀਗੜ੍ਹ ਪੁਲਿਸ ਵਿਚ ਸਹਾਇਕ ਸਬ-ਇੰਸਪੈਕਟਰ (ਏਐਸਆਈ) ਵਜੋਂ ਭਰਤੀ ਹੋਏ। ਨੌਕਰੀ ਦੌਰਾਨ ਉਹਨਾਂ ਨੇ UPSC ਦੀ ਤਿਆਰੀ ਸ਼ੁਰੂ ਕੀਤੀ ਅਤੇ ਆਖਰਕਾਰ ਚਾਰ ਸਾਲਾਂ ਦੀ ਮਿਹਤਨ ਮਗਰੋਂ ਉਹ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿਚ 82ਵੇਂ ਸਥਾਨ 'ਤੇ ਰਹੇ। ਉਹਨਾਂ ਨੇ ਭਾਰਤੀ ਪੁਲਿਸ ਸੇਵਾ ਵਿਚ ਪੰਜਾਬ ਕਾਡਰ ਹਾਸਲ ਕੀਤਾ।
2018 ਵਿਚ ਬਹਾਦਰੀ ਲਈ ਪੁਲਿਸ ਮੈਡਲ ਅਤੇ ਡਾਇਰੈਕਟਰ ਜਨਰਲ ਕਮੈਂਡੇਸ਼ਨ ਡਿਸਕ ਪ੍ਰਾਪਤ ਕਰਨ ਵਾਲੇ ਚਾਹਲ ਨੂੰ ਪੰਜਾਬ ਵਿਚ ਗੈਂਗਸਟਰਾਂ ਅਤੇ ਅਪਰਾਧੀਆਂ ਵਿਰੁੱਧ ਕਾਰਵਾਈ ਲਈ ਜਾਣਿਆ ਜਾਂਦਾ ਹੈ। ਉਹ ਪਹਿਲੀ ਵਾਰ ਸੁਰਖੀਆਂ ਵਿਚ ਉਦੋਂ ਆਏ ਜਦੋਂ 2012 ਵਿਚ ਉਹ ਬਠਿੰਡਾ ਵਿਚ ਸਹਾਇਕ ਸੁਪਰਡੈਂਟ ਵਜੋਂ ਤਾਇਨਾਤ ਸਨ। ਉਹਨਾਂ ਨੇ ਗੈਂਗਸਟਰ ਸ਼ੇਰਾ ਖੁੱਬਣ ਦੇ ਐਨਕਾਊਂਟਰ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਸ ਸਮੇਂ ਖੁੱਬਣ ਪੰਜਾਬ ਅਤੇ ਗੁਆਂਢੀ ਸੂਬਿਆਂ ਵਿਚ ਸਰਗਰਮ ਚੋਟੀ ਦੇ ਗੈਂਗਸਟਰਾਂ ਵਿਚੋਂ ਇਕ ਸੀ ਅਤੇ ਉਸ ਨੂੰ ਗੈਂਗਸਟਰ ਜੈਪਾਲ ਭੁੱਲਰ ਦਾ ਸਲਾਹਕਾਰ ਵੀ ਦੱਸਿਆ ਜਾਂਦਾ ਸੀ।
ਅਕਤੂਬਰ 2020 ਵਿਚ ਚੰਡੀਗੜ੍ਹ ਦੇ ਐਸਐਸਪੀ ਵਜੋਂ ਨਿਯੁਕਤੀ ਤੋਂ ਪਹਿਲਾਂ ਚਾਹਲ ਮੁਹਾਲੀ, ਤਰਨਤਾਰਨ ਅਤੇ ਮੁਕਤਸਰ ਸਾਹਿਬ ਸਮੇਤ ਪੰਜਾਬ ਦੇ ਕਈ ਹਾਈ-ਪ੍ਰੋਫਾਈਲ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਮੁਹਾਲੀ ਵਿਚ ਉਹਨਾਂ ਦੇ ਕਾਰਜਕਾਲ ਦੌਰਾਨ ਪੰਜਾਬ ਪੁਲਿਸ ਦੀ ਸੰਗਠਿਤ ਅਪਰਾਧ ਕੰਟਰੋਲ ਯੂਨਿਟ (OCCU) ਦੇ ਇਕ ਆਪਰੇਸ਼ਨ ਦੌਰਾਨ ਗੈਂਗਸਟਰ ਅੰਕਿਤ ਭਾਦੂ ਮਾਰਿਆ ਗਿਆ। ਐਸਐਸਪੀ ਮੁਹਾਲੀ ਵਜੋਂ ਉਹਨਾਂ ਦੇ ਕਾਰਜਕਾਲ ਵਿਚ ਹੀ ਜ਼ਿਲ੍ਹਾ ਪੁਲਿਸ ਨੇ ਜੁਲਾਈ 2018 ਵਿਚ ਕਾਰਜੈਕਿੰਗ ਵਿਚ ਸ਼ਾਮਲ ਇਕ ਅਪਰਾਧੀ ਸੁਨੀਲ ਮਸੀਹ ਨੂੰ ਵੀ ਗੋਲੀ ਮਾਰ ਕੇ ਮਾਰ ਮੁਕਾਇਆ ਸੀ।
ਸੋਮਵਾਰ ਨੂੰ ਪੰਜਾਬ ਦੇ ਰਾਜਪਾਲ-ਕਮ-ਯੂਟੀ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਚਾਹਲ ਨੂੰ ਅਚਾਨਕ ਫਾਰਗ ਕਰ ਦਿੱਤਾ। ਯੂਟੀ ਪੁਲਿਸ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਉੱਚ-ਅਧਿਕਾਰੀਆਂ ਨੇ ਇਸ ਅਚਾਨਕ ਹੋਏ ਘਟਨਾਕ੍ਰਮ 'ਤੇ ਚੁੱਪੀ ਧਾਰੀ ਹੋਈ ਹੈ, ਅਤੇ ਅਜੇ ਤੱਕ ਤਬਾਦਲੇ ਦਾ ਕੋਈ ਕਾਰਨ ਨਹੀਂ ਦੱਸਿਆ।
ਉਹਨਾਂ ਦੀ ਥਾਂ ਹਰਿਆਣਾ ਕਾਡਰ ਦੀ ਆਈਪੀਐਸ ਅਧਿਕਾਰੀ ਮਨੀਸ਼ਾ ਚੌਧਰੀ ਨੂੰ ਯੂਟੀ ਐਸਐਸਪੀ ਦਾ ਚਾਰਜ ਦਿੱਤਾ ਗਿਆ ਹੈ। ਪੰਜਾਬ ਕਾਡਰ ਦੇ ਅਧਿਕਾਰੀ ਨੂੰ ਹਟਾ ਕੇ ਹਰਿਆਣਾ ਕਾਡਰ ਦੇ ਅਧਿਕਾਰੀ ਨੂੰ ਯੂਟੀ ਐਸਐਸਪੀ ਦਾ ਚਾਰਜ ਦੇਣ ਦੇ ਫੈਸਲੇ ਨੇ ਪੰਜਾਬ ਵਿਚ ਸਿਆਸੀ ਹਲਚਲ ਮਚਾ ਦਿੱਤੀ ਹੈ।