ਬੈਲੇਟ ਪੇਪਰ ਨੂੰ ਲੈ ਕੇ ਚਰਨਜੀਤ ਚੰਨੀ ਨੇ ਗੈਰ-ਜ਼ਿੰਮੇਵਾਰਨਾ ਬਿਆਨ ਦਿੱਤਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰਾਂ, ਖਾਸ ਕਰਕੇ ਕਾਂਗਰਸ ਅਤੇ ਅਕਾਲੀ ਦਲ 'ਤੇ ਕਰੜੇ ਸ਼ਬਦੀ ਹਮਲੇ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਕਰਤੂਤਾਂ ਕਰਕੇ ਹਾਰਦੀ ਹੈ ਪਰ ਹਾਰ ਦਾ ਠੀਕਰਾ ਦੂਜਿਆਂ ਸਿਰ ਭੰਨਦੀ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਾਏ ਗਏ 'ਨਕਲੀ ਬੈਲਟ ਪੇਪਰ' ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਸੀਐਮ ਮਾਨ ਨੇ ਕਿਹਾ ਕਿ ਚੰਨੀ ਨੇ ਅਸਲ ਵਿੱਚ ਹਾਰ ਮੰਨ ਲਈ ਹੈ, ਇਸੇ ਕਰਕੇ ਉਹ ਅਜਿਹੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਨੇ ਹਾਰ ਕਬੂਲ ਕਰ ਲਈ ਹੈ ਅਤੇ ਹੁਣ ਸਿਰਫ਼ ਇਲਜ਼ਾਮਤਰਾਸ਼ੀ ਕਰ ਰਹੇ ਹਨ।
ਅੰਕੜੇ ਪੇਸ਼ ਕਰਕੇ ਦਿੱਤਾ ਜਵਾਬ
ਚੋਣਾਂ ਵਿੱਚ 'ਧੱਕੇਸ਼ਾਹੀ' ਦੇ ਦੋਸ਼ਾਂ ਨੂੰ ਨਕਾਰਦਿਆਂ ਮੁੱਖ ਮੰਤਰੀ ਨੇ ਅੰਕੜੇ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਦੇ ਕੁੱਲ 2833 ਜ਼ੋਨਾਂ ਵਿੱਚ ਚੋਣਾਂ ਹੋਣੀਆਂ ਹਨ। ਇਹਨਾਂ ਵਿੱਚੋਂ 340 'ਤੇ ਆਮ ਆਦਮੀ ਪਾਰਟੀ (AAP), 3 'ਤੇ ਕਾਂਗਰਸ ਅਤੇ 8 'ਤੇ ਆਜ਼ਾਦ ਉਮੀਦਵਾਰ ਬਿਨਾਂ ਮੁਕਾਬਲਾ (uncontested) ਜੇਤੂ ਰਹੇ ਹਨ। ਮਾਨ ਨੇ ਸਪੱਸ਼ਟ ਕੀਤਾ ਕਿ ਇੱਥੇ ਕੋਈ ਧੱਕਾ ਨਹੀਂ ਹੋਇਆ, ਸਗੋਂ ਸੱਚਾਈ ਇਹ ਹੈ ਕਿ ਵਿਰੋਧੀ ਪਾਰਟੀਆਂ ਨੂੰ ਚੋਣ ਲੜਨ ਲਈ ਉਮੀਦਵਾਰ ਹੀ ਨਹੀਂ ਲੱਭ ਰਹੇ।
ਮੈਦਾਨ ਵਿੱਚ ਉਤਰੇ ਉਮੀਦਵਾਰਾਂ ਦਾ ਵੇਰਵਾ
ਮੁੱਖ ਮੰਤਰੀ ਨੇ ਦੱਸਿਆ ਕਿ ਚੋਣ ਮੈਦਾਨ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਗਿਣਤੀ ਇਸ ਪ੍ਰਕਾਰ ਹੈ:
ਆਮ ਆਦਮੀ ਪਾਰਟੀ: 2771
ਕਾਂਗਰਸ: 2433
ਸ਼੍ਰੋਮਣੀ ਅਕਾਲੀ ਦਲ: 1814
ਭਾਜਪਾ: 1127
ਬਸਪਾ: 195
ਅਕਾਲੀ ਦਲ (ਅੰਮ੍ਰਿਤਸਰ): 3
ਮੁੱਖ ਮੰਤਰੀ ਨੇ ਕਿਹਾ ਕਿ ਇਹ ਅੰਕੜੇ ਸਾਬਤ ਕਰਦੇ ਹਨ ਕਿ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਭਰਨ ਦਾ ਪੂਰਾ ਮੌਕਾ ਮਿਲਿਆ ਹੈ ਅਤੇ ਚੋਣ ਪ੍ਰਕਿਰਿਆ ਦੌਰਾਨ ਕੋਈ ਧੱਕਾ ਨਹੀਂ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਕੋਲ ਹੁਣ ਕੋਈ ਮੁੱਦਾ ਨਹੀਂ ਬਚਿਆ, ਇਸੇ ਲਈ ਇਹ ਸਿਰਫ਼ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਹਨ। ਮਾਨ ਨੇ ਕਿਹਾ ਕਿ ਦਿੱਲੀ ਵਿੱਚ ਇਨ੍ਹਾਂ ਦਾ ਕਦੇ ਖਾਤਾ ਨਹੀਂ ਖੁੱਲ੍ਹਦਾ, ਉੱਥੇ ਇਹ ਕਦੇ ਅਜਿਹੇ ਇਲਜ਼ਾਮ ਨਹੀਂ ਲਾਉਂਦੇ ਪਰ ਪੰਜਾਬ ਵਿੱਚ ਹਾਰ ਦੇ ਡਰੋਂ ਰੌਲਾ ਪਾ ਰਹੇ ਹਨ।
ਚੰਨੀ ਅਤੇ ਸੁਖਬੀਰ 'ਤੇ ਸਾਧਿਆ ਨਿਸ਼ਾਨਾ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵਰ੍ਹਦਿਆਂ ਸੀਐਮ ਮਾਨ ਨੇ ਕਿਹਾ ਕਿ ਲੋਕਾਂ ਨੇ ਤੁਹਾਨੂੰ ਪਹਿਲਾਂ ਹੀ ਬਹੁਤ ਮੌਕੇ ਦਿੱਤੇ ਹਨ, ਹੁਣ ਤੁਹਾਨੂੰ ਦੁਬਾਰਾ ਵਾਰੀ ਨਹੀਂ ਮਿਲਣੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਪਹਿਲਾਂ ਬਲਾਕ ਸੰਮਤੀ ਦਾ ਮਤਲਬ ਤੱਕ ਨਹੀਂ ਪਤਾ ਸੀ, ਅੱਜ ਉਹ ਮੋਟਰਸਾਈਕਲ 'ਤੇ ਪ੍ਰਚਾਰ ਕਰਦੇ ਫਿਰ ਰਹੇ ਹਨ। ਉਨ੍ਹਾਂ ਰਾਜਾ ਵੜਿੰਗ ਬਾਰੇ ਵੀ ਕਿਹਾ ਕਿ ਇਹ ਸਭ ਸਾਡੀ ਬਦੌਲਤ ਹੀ ਹੈ ਕਿ ਅੱਜ ਇਹ ਲੀਡਰ ਲੋਕਾਂ ਵਿੱਚ ਜਾ ਕੇ ਪ੍ਰਚਾਰ ਕਰਨ ਲਈ ਮਜਬੂਰ ਹੋਏ ਹਨ।
'ਆਪ' ਵਿਕਾਸ ਦੇ ਮੁੱਦਿਆਂ 'ਤੇ ਲੜ ਰਹੀ ਹੈ ਚੋਣ
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ। ਸਾਡੇ ਕੋਲ ਗਿਣਾਉਣ ਲਈ ਮੁਫ਼ਤ ਬਿਜਲੀ, ਖੇਤਾਂ ਦੀਆਂ ਟੇਲਾਂ ਤੱਕ ਪਾਣੀ, ਸੜਕਾਂ ਦਾ ਨਿਰਮਾਣ, ਆਮ ਆਦਮੀ ਕਲੀਨਿਕ, ਸ਼ਾਨਦਾਰ ਸਰਕਾਰੀ ਸਕੂਲ ਅਤੇ ਖੇਡਾਂ ਵਰਗੇ ਕੰਮ ਹਨ, ਜਦਕਿ ਵਿਰੋਧੀ ਖਾਲੀ ਹੱਥ ਹਨ।
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਅੰਕੜੇ
ਚੋਣਾਂ ਵਿੱਚ ਸਾਰਿਆਂ ਨੂੰ ਬਰਾਬਰ ਮੌਕਾ ਮਿਲਣ ਦੀ ਗੱਲ ਕਰਦਿਆਂ ਮਾਨ ਨੇ ਅੰਕੜੇ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ 347 ਜ਼ੋਨਾਂ ਲਈ ਕੁੱਲ 1396 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਕਾਂਗਰਸ ਦੇ 331, ਅਕਾਲੀ ਦਲ ਦੇ 298 ਅਤੇ ਭਾਜਪਾ ਦੇ 215 ਉਮੀਦਵਾਰ ਚੋਣ ਲੜ ਰਹੇ ਹਨ। ਮਾਨ ਨੇ ਕਿਹਾ ਕਿ ਜੇਕਰ ਇੱਕ-ਦੋ ਥਾਵਾਂ 'ਤੇ ਕੋਈ ਮਾਮੂਲੀ ਧੱਕਾ ਹੋ ਵੀ ਗਿਆ ਤਾਂ ਉਸਨੂੰ ਇੰਨਾ ਵੱਡਾ ਮੁੱਦਾ ਬਣਾਉਣ ਦੀ ਕੀ ਲੋੜ ਹੈ? ਵਿਰੋਧੀਆਂ ਨੂੰ ਆਪਣੀ ਸਮੀਖਿਆ ਕਰਨੀ ਚਾਹੀਦੀ ਹੈ ਕਿ ਉਹ ਕਿਉਂ ਹਾਰ ਰਹੇ ਹਨ।
ਕੈਪਟਨ ਅਤੇ ਸਿੱਧੂ ਜੋੜੀ 'ਤੇ ਵਾਰ
ਮੁੱਖ ਮੰਤਰੀ ਨੇ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਸਾਰਿਆਂ ਦੇ 'ਰੇਟ' ਦੱਸ ਰਹੀ ਹੈ ਅਤੇ ਪਹਾੜਾਂ ਤੋਂ 'ਜੋਗੀ' (ਨਵਜੋਤ ਸਿੱਧੂ) ਵੀ ਵਾਪਸ ਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਂਦੇ ਹੀ ਇਨ੍ਹਾਂ ਨੂੰ ਪੰਜਾਬ ਯਾਦ ਆ ਜਾਂਦਾ ਹੈ। ਹੁਣ ਕੈਪਟਨ ਭਾਜਪਾ ਨੂੰ ਨਿਸ਼ਾਨਾ ਬਣਾ ਰਹੇ ਹਨ, ਜੇਕਰ ਉਨ੍ਹਾਂ ਨੂੰ ਭਾਜਪਾ ਤੋਂ ਇੰਨੀ ਦਿੱਕਤ ਹੈ ਤਾਂ ਉਹ ਅਸਤੀਫਾ ਦੇ ਦੇਣ।
ਮਾਨ ਨੇ ਅਕਾਲੀ ਦਲ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਸ ਪਾਰਟੀ ਦਾ ਨਾਮ ਹੁਣ ਅਕਾਲੀ ਦਲ (ਬਾਦਲ) ਤੋਂ ਬਦਲ ਕੇ ਅਕਾਲੀ ਦਲ (ਬੇਅਦਬੀ) ਹੋ ਗਿਆ ਹੈ।
