
ਸੀਰੀਆ ’ਚ ਇਜ਼ਰਾਈਲ ਦੇ ਹਵਾਈ ਹਮਲੇ ’ਚ ਦਰਜਨਾਂ ਲੋਕਾਂ ਦੀ ਮੌਤ
ਬੇਰੁਤ, 13 ਜਨਵਰੀ : ਇਜ਼ਰਾਈਲ ਦੇ ਜੰਗੀ ਜਹਾਜ਼ਾਂ ਨੇ ਬੁਧਵਾਰ ਤੜਕੇ ਪੂਰਬੀ ਸੀਰੀਆ ’ਚ ਈਰਾਨ ਸਮਰਥਿਤ ਫ਼ੌਜੀ ਕੈਂਪਾਂ ਅਤੇ ਹਥਿਆਰ ਡਿਪੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਭੀਸ਼ਣ ਗੋਲਾਬਾਰੀ ਕੀਤੀ। ਇਕ ਜੰਗੀ ਨਿਗਰਾਨੀ ਕਰਤਾ ਨੇ ਦਸਿਆ ਕਿ ਹਮਲੇ ’ਚ ਦਰਜਨਾਂ ਲੜਾਕੇ ਜ਼ਖ਼ਮੀ ਹੋਏ ਹਨ।
ਹਮਲੇ ਦੀ ਜਾਣਕਾਰੀ ਰਖਣ ਵਾਲੇ ਅਮਰੀਕੀ ਖੁਫ਼ੀਆ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਅਮਰੀਕਾ ਤੋਂ ਮਿਲੀ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਹਵਾਈ ਹਮਲੇ ਕੀਤਾ ਗਏ ਹਨ। ਜ਼ਿਕਰਯੋਗ ਹੈ ਕਿ ਸੀਰੀਆ ’ਚ ਹਮਲਿਆਂ ਲਈ ਨਿਸ਼ਾਨੇ ਦੀ ਚੋਣ ਕਰਨ ’ਚ ਇਜ਼ਾਰਾਈਲ ਅਤੇ ਅਮਰੀਕਾ ਵਿਚਕਾਰ ਸਹਿਯੋਗ ਨੂੰ ਬਹੁਤ ਘੱਟ ਜਨਤਕ ਕੀਤਾ ਜਾਂਦਾ ਹੈ। ਅਧਿਕਾਰੀ ਨੇ ਦਸਿਆ ਕਿ ਹਮਲੇ ’ਚ ਸੀਰੀਆ ਦੇ ਕਈ ਗੁਦਾਮਾਂ ਨੂੰ ਨਿਸ਼ਾਨਾ ਬਣਾਇਆ ਸੀ ਜਿਨ੍ਹਾਂ ’ਚ ਈਰਾਨ ਤੋਂ ਆਏ ਹਥਿਆਰਾਂ ਨੂੰ ਰਖਿਆ ਗਿਆ ਸੀ। ਰਾਸ਼ਟਰੀ ਸੁਰੱਖਿਆ ਨਾਲ ਜੁੜੇ ਸੰਵੇਦਨਸ਼ੀਲ ਮੁੱਦੇ ’ਤੇ ਗੱਲਬਾਤ ਦੌਰਾਨ ਪਛਾਣ ਨਾ ਦਸਣ ਦੀ ਸ਼ਰਤ ’ਤੇ ਅਮਰੀਕੀ ਅਧਿਕਾਰੀ ਨੇ ਦਸਿਆ ਕਿ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਮੰਗਲਵਾਰ ਨੂੰ ਇਸ ਹਵਾਈ ਹਮਲੇ ਦੇ ਬਾਰੇ ’ਚ ਇਜ਼ਾਰਾਈਲ ਦੀ ਖੁਫ਼ੀਆ ਏਜੰਸੀ ਮੋਸਾਦ ਦੇ ਮੁਖੀ ਯੋਸੀ ਕੋਹੇਨ ਨਾਲ ਚਰਚਾ ਕੀਤੀ ਸੀ।
ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ‘ਸਨਾ’ ਮੁਤਾਬਕ, ਹਮਲੇ ’ਚ ਇਰਾਕ ਦੀ ਸਰਹੱਦ ਨਾਲ ਲਗਦੇ ਡੇਰ ਅਲ-ਜ਼ੋਰ, ਮਯਾਦੀਨ ਅਤੇ ਬੁਕਮਾਲ ਸ਼ਹਿਰਾਂ ਅਤੇ ਨੇੜਲੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਕ ਅਣਪਛਾਤੇ ਫ਼ੌਜੀ ਅਧਿਕਾਰੀ ਮੁਤਾਬਕ ਸੀਰੀਆ ਦੀ ‘ਏਅਰ ਡਿਫੇਂਸ ਪ੍ਰਣਾਲੀ’ ਨੇ ਮਿਜ਼ਾਈਲ ਹਮਲਿਆਂ ਦਾ ਜਵਾਬ ਦਿਤਾ। ਇਸ ਸਬੰਧ ’ਚ ਹੋਰ ਕੋਈ ਜਾਣਕਾਰੀ ਨਹੀਂ ਦਿਤੀ ਗਈ ਹੈ। ਬ੍ਰਿਟੇਨ ਸਿਥਤ ਸੰਸਥਾਨ ਸੀਰੀਅਨ ਆਬਜਰਵੇਟਰੀ ਫ਼ਾਰ ਹੀਊਮਨ ਰਾਈਟਸ ਦਾ ਕਹਿਣਾ ਹੈ ਕਿ ਸੱਤ ਸੀਰੀਆਈ ਨਾਗਰਿਕਾਂ ਸਮੇਤ 23 ਲੋਕ ਮਾਰੇ ਗਏ ਹਨ ਅਤੇ 28 ਜ਼ਖ਼ਮੀ ਹੋਏ ਹਨ। (ਪੀਟੀਆਈ)