
ਬਰਤਾਨੀਆ ’ਚ ਖ਼ਾਲਸਾ ਟੀਵੀ ’ਤੇ ਅਤਿਵਾਦ ਨੂੰ ਭੜਕਾਉਣ ਦੇ ਮਾਮਲੇ ’ਚ 50 ਹਜ਼ਾਰ ਪੌਂਡ ਜੁਰਮਾਨਾ
ਲੰਦਨ, 13 ਫ਼ਰਵਰੀ: ਬਰਤਾਨੀਆਂ ਵਿਚ ਮੀਡੀਆ ਵਾਚਡੌਗ ਨੇ ਖ਼ਾਲਸਾ ਟੀਵੀ ’ਤੇ ਦੇਸ਼ ਦੇ ਸਿੱਖਾਂ ਨੂੰ ਸਿੱਧੇ ਤੌਰ ’ਤੇ ਹਿੰਸਾ ਅਤੇ ਅਤਿਵਾਦ ਲਈ ਉਕਸਾਉਣ ਦੇ ਮਕਸਦ ਨਾਲ ਸੰਗੀਤ ਵੀਡੀਉ ਅਤੇ ਚਰਚਾ ਨੂੰ ਪ੍ਰਸਾਰਤ ਕਰਨ ’ਤੇ 50,000 ਪੌਂਡ ਜੁਰਮਾਨਾ ਕੀਤਾ ਹੈ। ਬਰਤਾਨੀਆ ਸਰਕਾਰ ਵਲੋਂ ਮਨਜ਼ੂਰ ਮੀਡੀਆ ਰੈਗੂਲੇਟਰੀ ਅਥਾਰਟੀ ‘ਕਮਿਊਨੀਕੇਸ਼ਨਜ਼ ਆਫਿਸ’ (ਔਫਕਾਮ) ਨੇ ਫ਼ਰਵਰੀ ਅਤੇ ਨਵੰਬਰ 2019 ਦੀ ਜਾਂਚ ਦੇ ਨਤੀਜਿਆਂ ਦੇ ਅਧਾਰ ’ਤੇ ਇਹ ਹੁਕਮ ਜਾਰੀ ਕੀਤਾ ਹੈ।
ਅਪਣੇ ਆਦੇਸ਼ ਵਿਚ ਸੰਚਾਰ ਵਿਭਾਗ ਨੇ ਕਿਹਾ ਕਿ ਕੇਟੀਵੀ ਉਸ ਦੀ ਜਾਂਚ ਬਾਰੇ ਦਫ਼ਤਰ ਵਿਭਾਗ ਦਾ ਬਿਆਨ ਪ੍ਰਸਾਰਤ ਕਰੇ ਤੇ ਅਜਿਹੇ ਸੰਗੀਤ ਵੀਡੀਉ ਜਾਂ ਚਰਚਾ ਨੂੰ ਪ੍ਰਸਾਰਤ ਨਾ ਕਰੇ।
ਵਿਭਾਗ ਨੇ ਆਦੇਸ਼ ਵਿਚ ਕਿਹਾ ਕਿ ਔਫ਼ਕਾਮ ਨੇ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਖ਼ਾਲਸਾ ਟੈਲੀਵਿਜ਼ਨ ਲਿਮਟਿਡ ਨੂੰ 20,000 ਪੌਂਡ ਅਤੇ 30,000 ਪੌਂਡ ਦਾ ਜੁਰਮਾਨਾ ਲਗਾਇਆ ਹੈ। ਕੇਟੀਵੀ ’ਤੇ 20,000 ਪੌਂਡ ਦਾ ਜੁਰਮਾਨਾ ਸੰਗੀਤ ਵੀਡੀਉ ਨਾਲ ਸਬੰਧਤ ਹੈ ਅਤੇ 30,000 ਪੌਂਡ ਜੁਰਮਾਨਾ ਵਿਚਾਰ ਵਟਾਂਦਰੇ ਦੇ ਪ੍ਰੋਗਰਾਮ ਬਾਰੇ ਹੈ।
ਸਾਲ 2018 ਵਿਚ ਚਾਰ, ਸੱਤ ਅਤੇ ਨੌਂ ਜੁਲਾਈ ਨੂੰ ਕੇਟੀਵੀ ਨੇ ‘ਬੱਗਾ ਅਤੇ ਸ਼ੇਰਾ’ ਗੀਤ ਲਈ ਸੰਗੀਤ ਵੀਡੀਉ ਪ੍ਰਸਾਰਤ ਕੀਤੀ। ਇਸ ਦੀ ਪੜਤਾਲ ਤੋਂ ਬਾਅਦ ਸੰਚਾਰ ਦਫ਼ਤਰ ਨੇ ਲੱਗਾ ਕਿ ਵੀਡੀਉ ਬ੍ਰਿਟੇਨ ਵਿਚ ਰਹਿੰਦੇ ਸਿੱਖਾਂ ਨੂੰ ਕਤਲ ਸਮੇਤ ਹਿੰਸਾ ਕਰਨ ਲਈ ਪ੍ਰਤੱਖ ਤੌਰ ’ਤੇ ਉਕਸਾ ਰਹੀ ਹੈ। ਸੰਚਾਰ ਦਫ਼ਤਰ ਵੇੇਖਿਆ ਕਿ ਟੀਵੀ ’ਤੇ ਦਿਤੀ ਜਾ ਰਹੀ ਸਮੱਗਰੀ ਦਰਸ਼ਕਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜੋ ਪ੍ਰਸਾਰਣ ਨਿਯਮਾਂ ਦੀ ਉਲੰਘਣਾ ਹੈ। (ਏਜੰਸੀ)