
17 ਫਰਵਰੀ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਉੱਪਰ ਪੱਕੇ ਤੌਰ 'ਤੇ ਧਰਨੇ ਲੱਗ ਜਾਣਗੇ।
ਧੂਰੀ (ਲਖਵੀਰ ਸਿੰਘ ਧਾਂਦਰਾ, ਸਿਕੰਦਰ ਘਨੌਰ) - ਅੱਜ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੀਆਂ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿਚ ਪੰਜਵੀਂ ਕਲਾਸ ਤੱਕ ਦੇ ਸਕੂਲ ਨਾ ਖੋਲ੍ਹਣ ਦਾ ਗੰਭੀਰ ਨੋਟਿਸ ਲਿਆ ਗਿਆ। ਚੰਡੀਗੜ੍ਹ, ਹਰਿਆਣਾ, ਯੂ.ਪੀ. ਅਤੇ ਦਿੱਲੀ ਵਰਗੇ ਰਾਜਾਂ ਵਿਚ ਸਕੂਲ ਪੂਰਨ ਤੌਰ 'ਤੇ ਖੋਲ੍ਹੇ ਜਾਣ ਦਾ ਐਲਾਨ ਹੋ ਗਿਆ ਹੈ ਪਰੰਤੂ ਪੰਜਾਬ ਵਿਚ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਪੇਪਰ ਸਿਰ 'ਤੇ ਹਨ ਅਤੇ ਪੰਜਾਬ ਵਿਚ ਕੋਰੋਨਾ ਕੇਸ ਨਾ—ਮਾਤਰ ਹਨ। ਇਸ ਲਈ ਸਕੂਲ ਖੋਲ੍ਹ ਦੇਣੇ ਚਾਹੀਦੇ ਹਨ। ਸਾਰੇ ਜ਼ਿਲ੍ਹਿਆ ਦੀ ਹੰਗਾਮੀ ਮੀਟਿੰਗ ਸੱਦੀ ਗਈ ਜਿਸ ਵਿਚ ਫੈਸਲਾ ਲਿਆ ਗਿਆ ਕਿ 15 ਫਰਵਰੀ ਨੂੰ ਸਵੇਰੇ 11.00 ਵਜੇ ਤੋਂ 12.00 ਵਜੇ ਤੱਕ ਪੂਰੇ ਪੰਜਾਬ ਭਰ ਵਿਚ ਚੱਕਾ ਜਾਮ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਸਕੂਲ ਨਾ ਖੋਲ੍ਹੇ ਤਾਂ 17 ਫਰਵਰੀ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਉੱਪਰ ਪੱਕੇ ਤੌਰ 'ਤੇ ਧਰਨੇ ਲੱਗ ਜਾਣਗੇ।
ਇਸ ਮੀਟਿੰਗ ਵਿਚ ਸਾਰੇ ਫੈਡਰੇਸ਼ਨ ਦੇ ਸਾਰੇ ਜ਼ਿਲਿ੍ਹਆਂ ਦੇ ਪ੍ਰਤੀਨਿਧਾਂ ਤੋਂ ਇਲਾਵਾ ਮਾਪਿਆਂ ਦੇ ਪ੍ਰਤੀਨਿਧ, ਟਰਾਂਸਪੋਰਟ ਕੰਟਰੈਕਟਰ ਜਥੇਬੰਦੀਆਂ ਵੀ ਸ਼ਾਮਲ ਸਨ। ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਪ੍ਰਤੀਨਿਧ ਕੰਵਲਜੀਤ ਸਿੰਘ ਢੀਂਡਸਾ, ਸੰਜੈ ਗੁਪਤਾ, ਮੱਖਣ ਲਾਲ ਗਰਗ, ਅਨਿਲ ਮਿੱਤਲ, ਬੀਰਇੰਦਰ ਸਿੰਘ, ਪ੍ਰਤਾਪ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 15 ਫਰਵਰੀ ਨੂੰ ਸਵੇਰੇ 11.00 ਵਜੇ ਤੋਂ 12.00 ਵਜੇ ਤੱਕ ਸਕੂਲ ਮੁਲਾਜ਼ਮ ਲੱਡਾ ਟੋਲ ਪਲਾਜਾ ਉੱਪਰ ਚੱਕਾ ਜਾਮ ਕਰਨਗੇ।