
ਮਾਲਵੇ ਵਾਲਿਉ ਤੁਸੀਂ ਮੈਨੂੰ ਗੋਦ ਲੈ ਲਵੋ : ਚੰਨੀ
ਬੀਬੀ ਭੱਠਲ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ
ਲਹਿਰਾਗਾਗਾ, 13 ਫ਼ਰਵਰੀ (ਗੁਰਮੇਲ ਸਿਾਘ ਸੰਗਤਪੁਰਾ): ''ਸਾਡੇ ਆਲਾ ਵਘੇਲਾ 6 ਵਜੇ ਦੁਕਾਨ ਬੰਦ ਕਰ ਕੇ ਪੈੱਗ ਲਾ ਲੈਂਦਾ ਸੀ ਅਤੇ 'ਆਪ' ਵਾਲਾ 4 ਵਜੇ ਹੀ ਦੁਕਾਨ ਬੰਦ ਕਰ ਕੇ ਪੈੱਗ ਲਾ ਕੇ ਪਤਾ ਨਹੀਂ ਕਿਥੇ ਹੋਵੇ | ਦੇਖਿਉ ਕਿਤੇ ਇਨ੍ਹਾਂ ਨੂੰ ਰਾਤ ਨੂੰ ਟੈਲੀਫ਼ੋਨ ਕਰ ਕੇ ਨਾ ਜਗਾ ਲੋ, ਇਹ ਤਾਂ ਉਥੇ ਹੀ ਗਾਲਾਂ ਕੱਢਣ ਲੱਗ ਜਾਂਦੇ ਐ |'' ਇਸ ਗੱਲ ਦਾ ਪ੍ਰਗਟਾਵਾ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼ਹਿਰ ਲਹਿਰਾਗਾਗਾ ਦੀ ਨਵੀਂ ਅਨਾਜ ਮੰਡੀ ਅੰਦਰ ਹਲਕਾ ਲਹਿਰਾਗਾਗਾ ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਰਾਜਿੰਦਰ ਕੌਰ ਭੱਠਲ ਦੇ ਚੋਣ ਜਲਸੇ ਨੂੰ ਸੰਬੋਧਨ ਕਰਦੇ ਸਮੇਂ ਕੀਤਾ |
ਉਨ੍ਹਾਂ ਅੱਗੇ ਕਿਹਾ,''ਮੈਂ ਮਾਲਵੇ ਅੰਦਰ ਆਇਆ ਹਾਂ ਮਾਲਵੇ ਵਾਲਿਉ ਤੁਸੀਂ ਮੈਨੂੰ ਗੋਦ ਲੈ ਲਵੋ, ਮੈਂ ਤੁਹਾਨੂੰ ਵਚਨ ਦਿੰਦਾ ਹਾਂ ਕਿ ਮੈਂ ਪੰਜਾਬ ਨੂੰ ਉਪਰ ਚੁਕਣਾ ਹੈ |'' ਉਨ੍ਹਾਂ ਦਸਿਆ ਕਿ ਕੇਜਰੀਵਾਲ ਕਹਿੰਦਾ ਹੈ ਤੁਸੀਂ ਅਕਾਲੀ ਵੀ ਦੇਖ ਲਏ ਅਤੇ ਕਾਂਗਰਸ ਵੀ ਪਰ ਮੈਂ ਕਹਿੰਦਾ ਹਾਂ ਕਿ ਤੁਸੀਂ ਅਕਾਲੀ ਦਲ-ਭਾਜਪਾ ਵਾਲੇ ਦੇਖ ਲਏ ਅਤੇ ਆਮ ਆਦਮੀ ਪਾਰਟੀ ਵਾਲੇ ਵੀ ਦੇਖ ਲਏ ਹਨ | ਤੁਸੀਂ ਮੈਨੂੰ ਵੀ 3 ਮਹੀਨੇ ਦੇਖ ਕੇ ਨਜ਼ਾਰਾ ਦੇਖ ਲਿਆ ਹੈ ਅਤੇ ਅੱਗੇ ਮੈਨੂੰ ਮੁੱਖ ਮੰਤਰੀ ਬਣਾ ਕੇ ਦੇਖੋ ਮੈਂ ਤੁਹਾਡੇ ਸਰੇ ਦੁੱਖ ਤੋੜ ਦਿਆਂਗਾ | ਉਨ੍ਹਾਂ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਅਪਣਾ ਚਾਨਣ ਮੁਨਾਰਾ ਦਸਦਿਆਂ ਕਿਹਾ ਕਿ ਇਹ ਮੇਰੇ ਲੀਡਰ ਹਨ | ਮੈਂ ਇਨ੍ਹਾਂ ਦੀ ਰਹਿਨੁਮਾਈ ਦੇਖੀ ਹੈ | ਪੰਜਾਬ ਅੰਦਰ ਹਰ ਥਾਂ ਇਨ੍ਹਾਂ ਦੀ ਮੰਗ ਹੋ ਰਹੀ ਹੈ | ਮੁੱਖ ਮੰਤਰੀ ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਾਡੇ ਵਾਲਾ ਵਘੇਲਾ ਦਸਦਿਆਂ ਕਿਹਾ ਕਿ ਇਸ ਨੇ ਭਾਜਪਾ ਨਾਲ ਮਿਲ ਕੇ ਬੀਬੀ ਭੱਠਲ ਨੂੰ ਡਰਾ ਕੇ ਰਖਿਆ ਹੈ ਉਸ ਨੇ ਬੀਬੀ ਭੱਠਲ ਵਿਰੁਧ ਸਾਜ਼ਸ਼ ਕੀਤੀ ਹੈ, ਮਾਲਵੇ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ | ਉਸ ਨੇ ਮਾਲਵੇ ਦੀ ਸਾਰ ਨਹੀਂ ਲਈ ਅਤੇ ਨਾ ਹੀ ਬੀਬੀ ਭੱਠਲ ਨੂੰ ਸਾਰ ਲੈਣ ਦਿਤੀ ਹੈ, ਸਗੋਂ ਇਸ ਨੂੰ ਬਦਨਾਮ ਕਰਨ ਲਈ ਹਲਕੇ ਦੇ ਕੰਮਾਂ ਨੂੰ ਰੋਕ ਕੇ ਰਖਿਆ ਹੈ | ਕੈਪਟਨ ਅਮਰਿੰਦਰ ਸਿੰਘ ਨੇ ਬੀਬੀ ਭੱਠਲ ਨੂੰ ਨੀਵਾਂ ਦਿਖਾਉਣ ਲਈ ਹਰ ਪਾਸੇ ਤੋਂ ਸੱਟ ਮਾਰੀ ਹੈ ਜਿਸ ਕਰ ਕੇ ਹਲਕੇ ਦਾ ਪਛੜਾਪਣ ਦੇਖ ਕੇ ਰੋਣਾ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਬੀਬੀ ਰਾਜਿੰਦਰ ਕੌਰ ਭੱਠਲ ਇਕ ਨਿਧੱੜਕ ਜਰਨੈਲ ਹਨ | ਤੁਸੀਂ ਬੀਬੀ ਭੱਠਲ ਨੂੰ ਜਿਤਾਉਣਾ ਹੈ | ਅਗਲੀ ਸਰਕਾਰ ਬੀਬੀ ਭੱਠਲ ਨੇ ਹੀ ਚਲਾਉਣੀ ਹੈ |
ਫੌਟੋ 13-16