
ਦੁਕਾਨ 'ਚ ਕੰਮ ਕਰਦਾ ਸੀ ਮੁਲਜ਼ਮ ਲੜਕਾ, ਪੁਲਿਸ ਨੇ ਮਾਮਲਾ ਦਰਜ ਕੀਤਾ
ਮੋਹਾਲੀ : 9 ਸਾਲਾ ਬੱਚੀ ਨਾਲ 12 ਸਾਲਾ ਲੜਕੇ ਵੱਲੋਂ ਬਲਾਤਕਾਰ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਲੜਕਾ ਇੱਕ ਦੁਕਾਨ 'ਚ ਕੰਮ ਕਰਦਾ ਹੈ ਅਤੇ ਬੱਚੀ ਦੁਕਾਨ ਅੰਦਰ ਕੋਈ ਸਮਾਨ ਖ਼ਰੀਦਣ ਗਈ ਸੀ। ਰੌਲਾ ਸੁਣ ਕੇ ਇੱਕ ਔਰਤ ਨੂੰ ਬੱਚੀ ਨੂੰ ਬਚਾਇਆ ਅਤੇ ਮੁਲਜ਼ਮ ਲੜਕੇ ਨੂੰ ਫੜ ਲਿਆ।
ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਬੱਚੀ ਇੱਥੋਂ ਦੇ ਇੱਕ ਸਕੂਲ 'ਚ ਪੜ੍ਹਦੀ ਹੈ। ਘਟਨਾ ਉਦੋਂ ਵਾਪਰੀ ਜਦੋਂ ਬੱਚੀ ਆਪਣੇ ਦੋਸਤਾਂ ਨਾਲ ਖੇਡ ਰਹੀ ਸੀ ਅਤੇ ਥੋੜੀ ਦੇਰ ਬਾਅਦ ਉਹ ਕੁਝ ਖ਼ਰੀਦਣ ਲਈ ਦੁਕਾਨ ਅੰਦਰ ਗਈ।
ਇਸ ਦੌਰਾਨ ਦੁਕਾਨ ਅੰਦਰ ਕੰਮ ਕਰਨ ਵਾਲੇ ਲੜਕੇ ਨੇ ਬੱਚੀ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ। ਬੱਚੀ ਦੇ ਸ਼ੋਰ ਮਚਾਉਣ 'ਤੇ ਉੱਥੋਂ ਗੁਜਰ ਰਹੀ ਇੱਕ ਔਰਤ ਨੇ ਬੱਚੀ ਨੂੰ ਉਸ ਦੇ ਚੰਗੁਲ 'ਚੋਂ ਰਿਹਾਅ ਕਰਵਾਇਆ। ਘਟਨਾ ਮਗਰੋਂ ਸਥਾਨਕ ਲੋਕ ਅਤੇ ਦੁਕਾਨਦਾਰ ਇਕੱਤਰ ਹੋ ਗਏ ਅਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਮੋਹਾਲੀ 'ਚ ਬੱਚੀਆਂ ਨਾਲ ਸ਼ੋਸ਼ਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੀ 8 ਫ਼ਰਵਰੀ ਨੂੰ ਵੀ ਇੱਕ ਵਿਅਕਤੀ ਵੱਲੋਂ ਆਪਣੀ 8 ਸਾਲਾ ਧੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ।