
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਦੀ ਕੋਰੋਨਾ ਨਾਲ ਮੌਤ
ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਪ.ਪ.): ਸੁਖਦਰਸ਼ਨ ਸਿੰਘ ਮਰਾੜ ਸਾਬਕਾ ਵਿਧਾਇਕ 79 ਸਾਲ ਦੀ ਉਮਰ ਵਿਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ | ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਪੰਜਾਬ ਵਿਚ ਅਪਣੀ ਵਖਰੀ ਪਹਿਚਾਣ ਉਸ ਸਮੇਂ ਬਣਾਈ ਜਦੋਂ ਉਨਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੂੰ ਸ਼ਿਕਤ ਦਿਤੀ ਸੀ |
ਸੁਖਦਰਸ਼ਨ ਸਿੰਘ ਮਰਾੜ 2002 'ਚ ਪਹਿਲੀ ਵਾਰ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਚੁਣੇ ਗਏ | ਉਹ ਆਜ਼ਾਦ ਤੌਰ 'ਤੇ ਚੋਣ ਲੜੇ ਅਤੇ ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਹਰਚਰਨ ਸਿੰਘ ਬਰਾੜ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਭਾਈ ਹਰਨਿਰਪਾਲ ਸਿੰਘ ਕੁੱਕੂ ਨੂੰ ਹਰਾਇਆ | 2002 'ਚ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ 'ਚ ਸ਼ਾਮਲ ਹੋ ਗਏ |
2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਅਕਾਲੀ ਦਲ 'ਚ ਸ਼ਾਮਲ ਹੋਏ ਅਤੇ ਅਕਾਲੀ ਦਲ ਦੇ ਉਮੀਦਵਾਰ ਵਜੋਂ ਸ੍ਰੀ ਮੁਕਤਸਰ ਸਾਹਿਬ ਤੋਂ ਚੋਣ ਲੜੀ ਪਰ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪੁੱਤਰ ਕੰਵਰਜੀਤ ਸਿੰਘ ਬਰਾੜ ਤੋਂ ਹਾਰ ਗਏ | 2011 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਉਹ ਸ਼੍ਰੋਮਣੀ ਅਕਾਲੀ ਦਲ ਵੱਲੋ ਚੋਣ ਲੜੇ ਅਤੇ ਸ੍ਰੀ ਮੁਕਤਸਰ ਸਾਹਿਬ ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ | 2012 ਦੀ ਵਿਧਾਨ ਸਭਾ ਚੋਣਾਂ ਦੌਰਾਨ ਉਹ ਚੋਣ ਨਹੀਂ ਲੜੇ ਅਤੇ ਅਕਾਲੀ ਦਲ ਦੀ ਮਦਦ ਕੀਤੀ | 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਅਕਾਲੀ ਦਲ ਤੋਂ ਵੱਖ ਹੋ ਆਜ਼ਾਦ ਚੋਣ ਲੜੀ ਪਰ ਉਹ ਕਾਮਯਾਬ ਨਹੀਂ ਹੋਏ |
2017 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਉਹ ਕਾਂਗਰਸ ਵਿਚ ਹੀ ਕੰਮ ਕਰਦੇ ਨਜ਼ਰ ਆਏ | ਬੀਤੇਂ ਦਿਨੀਂ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵੀ ਸ. ਮਰਾੜ੍ਹ ਨੇ ਸਰਗਰਮ ਰਹਿ ਕੇ ਅਪਣੀ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਦਾ ਇਕ ਪੋਤਰਾ ਵੀ ਕਾਂਗਰਸ ਵਲੋ ਬਲਾਕ ਸੰਮਤੀ ਮੈਂਬਰ ਹੈ | ਸੁਖਦਰਸ਼ਨ ਸਿੰਘ ਮਰਾੜ ਨਿਧੜਕ ਅਤੇ ਲੋਕ ਆਗੂ ਵਜੋਂ ਜਾਣੇ ਜਾਂਦੇ ਸਨ, ਉਹ ਸ੍ਰੀ ਮੁਕਤਸਰ ਸਾਹਿਬ ਦੇ ਅਜਿਹੇ ਪਹਿਲੇ ਵਿਧਾਇਕ ਸਨ ਜਿਨ੍ਹਾਂ ਲੋਕ ਸਮੱਸਿਆਵਾਂ ਦੇ ਹਲ ਲਈ ਸ਼ਹਿਰ ਵਿਚ ਦਫ਼ਤਰ ਖੋਲਿ੍ਹਆ ਸੀ | image
ਕੈਪਸ਼ਨ: ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ |
ਫੋਟੋ ਫਾਇਲ: ਐਮਕੇਐਸ 13 - 05